ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਦਿੱਲੀ 'ਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਦਿੱਲੀ 'ਵੋਟਿੰਗ 8 ਫਰਵਰੀ ਨੂੰ ਹੋਵੇਗੀ ਅਤੇ ਨਤੀਜੇ 11 ਫਰਵਰੀ ਨੂੰ ਐਲਾਨੇ ਜਾਣਗੇ। ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਐਲਾਨ ਕੀਤਾ ਕਿ 1 ਕਰੋੜ 46 ਲੱਖ ਲੋਕ ਦਿੱਲੀ 'ਚ ਆਪਣੇ ਵੋਟ ਪਾਉਣਗੇ।


13750 ਪੋਲਿੰਗ ਸਟੇਸ਼ਨ ਬਣਾਏ ਜਾਣਗੇ। 2689 ਥਾਵਾਂ 'ਤੇ ਵੋਟਿੰਗ ਹੋਵੇਗੀ। ਚੋਣ '90 ਹਜ਼ਾਰ ਕਰਮਚਾਰੀ ਤਾਇਨਾਤ ਕੀਤੇ ਜਾਣਗੇ। ਬਜ਼ੁਰਗ ਵੀ ਪੋਸਟਲ ਬੈਲਟ ਨਾਲ ਵੋਟ ਪਾਉਣ ਦੇ ਯੋਗ ਹੋਣਗੇ ਉਨ੍ਹਾਂ ਨੂੰ ਫਾਰਮ ਪੰਜ ਦਿਨ ਪਹਿਲਾਂ ਭਰਨਾ ਪਏਗਾ। ਚੋਣ ਕਮਿਸ਼ਨ ਵੱਲੋਂ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਦੇ ਨਾਲ ਹੀ ਦਿੱਲੀ 'ਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਹੁਣ ਸਰਕਾਰ ਕਿਸੇ ਵੀ ਯੋਜਨਾ ਦਾ ਐਲਾਨ ਨਹੀਂ ਕਰ ਸਕੇਗੀ। ਦਿੱਲੀ ਵਿਧਾਨ ਸਭਾ ਦਾ ਮੌਜੂਦਾ ਕਾਰਜਕਾਲ 22 ਫਰਵਰੀ ਨੂੰ ਖ਼ਤਮ ਹੋ ਰਿਹਾ ਹੈ।

ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਸਾਲ 2015 ਦੀਆਂ ਵਿਧਾਨ ਸਭਾ ਚੋਣਾਂ 'ਚ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਸੀ। ਆਮ ਆਦਮੀ ਪਾਰਟੀ ਨੇ 67 ਸੀਟਾਂ 'ਤੇ ਚੋਣ ਜਿੱਤੀ ਸੀ। ਤਿੰਨ ਸੀਟਾਂ ਭਾਜਪਾ ਦੇ ਖਾਤੇ 'ਚ ਗਈਆਂ। ਕਾਂਗਰਸ ਦੇ ਹੱਥ ਖਾਲੀ ਸੀ। ਦਿੱਲੀ 'ਚ ਵਿਧਾਨ ਸਭਾ ਦੀਆਂ ਕੁੱਲ 70 ਸੀਟਾਂ ਹਨ।