ਚੰਡੀਗੜ੍ਹ : PSPCL ਵੱਲੋਂ ਨਵੀਂ ਤਕਨੀਕ ਨਾਲ ਤਿਆਰ ਕੀਤੇ ਸਮਾਰਟ ਮੀਟਰ ਹੁਣ ਪੰਜਾਬ ਵਿੱਚ ਲਗਾਉਣੇ ਜ਼ਰੂਰੀ ਹੋ ਗਏ ਹਨ। ਤੁਸੀਂ ਜੇਕਰ ਹੁਣ ਨਵਾਂ ਬਿਜਲੀ ਕੁਨੈਕਸ਼ਨ ਅਪਲਾਈ ਕਰੋਗੇ ਤਾਂ ਤੁਹਾਡੇ ਘਰ ਜਾਂ ਦੁਕਾਨ 'ਤੇ ਸਮਾਰਟ ਮੀਟਰ ਹੀ ਲੱਗਣਗੇ। ਇਹਨਾਂ ਸਮਾਰਟ ਮੀਟਰਾਂ ਨਾਲ ਜਿੱਥੇ ਬਿਜਲੀ ਵਿਭਾਗ ਦੀ ਸਿਰ ਦਰਦ ਵੀ ਘੱਟੇਗੀ ਤਾਂ ਉੱਥੇ ਹੀ ਪ੍ਰਤੀ ਮੀਟਰ 10 ਰੁਪਏ ਵੀ ਪਾਵਰਕੌਮ ਨੂੰ ਫਾਇਦਾ ਹੋਵੇਗਾ। ਇਸ ਸਮਾਰਟ ਮੀਟਰ ਦੀ ਖਾਸੀਅਤ ਹੈ ਕਿ ਜਿਹੜੇ ਉਪਭੋਗਤਾ ਦੇ ਘਰ ਮੀਟਰ ਲਗੇਗਾ, ਉਸ ਦੇ ਘਰ ਪਾਵਰਕੌਮ ਦਾ ਮੁਲਾਜ਼ਮ ਬਿਲ ਦੇਣ ਨਹੀਂ ਆਵੇਗਾ, ਕਿਉਂਕਿ ਇਹਨਾਂ ਮੀਟਰਾਂ ਵਿੱਚ ਸਿਮ ਲੱਗੇ ਹੋਏ ਹਨ ਅਤੇ ਇੰਟਰਨੈਟ ਨਾਲ ਲਿੰਕ ਕੀਤੇ ਹੋਏ ਹਨ। ਜੋ ਹਰ ਮਹੀਨੇ ਬਿਜਲੀ ਦੀ ਖਪਤ ਨੂੰ ਨੋਟ ਕਰਕੇ ਪਾਵਰਕੌਮ ਦੇ ਸਰਵਰ ਵਿੱਚ ਫੀਡ ਕਰ ਦਿੰਦੇ ਹਨ। ਬਾਅਦ ਵਿੱਚ ਬਿਜਲੀ ਵਿਭਾਗ ਦਾ ਆਈ.ਟੀ ਸੈਕਸ਼ਨ ਉਪਭੋਗਤਾਵਾਂ ਨੂੰ ਬਿਜਲੀ ਖਪਤ ਦੀ ਡਿਟੇਲ ਔਨਲਾਈਨ ਮੁਹੱਈਆ ਕਰਵਾਉਂਦਾ ਹੈ। 


 


ਕੀ ਸਮਾਰਟ ਮੀਟਰ 300 ਯੂਨਿਟ ਮੁਫ਼ਤ ਬਿਜਲੀ ਦੇਣਗੇ ?


- ਪੰਜਾਬ ਵਿੱਚ ਸੂਬਾ ਸਰਕਾਰ ਨੇ 7 ਕਿਲੋਵਾਟ ਤੱਕ ਦੇ ਬਿਜਲੀ ਕੁਨੈਕਸ਼ਨ ਵਾਲੇ ਘਰੇਲੂ ਉਪਭੋਗਤਾਵਾਂ ਨੂੰ ਪ੍ਰਤੀ ਮਹੀਨਾ 300 ਯੂਨਿਟ ਬਿਜਲੀ ਮੁਫ਼ਤ ਕੀਤੀ ਹੋਈ ਹੈ। ਇਸ ਲਈ ਪੰਜਾਬ ਵਿੱਚ ਕਈ ਥਾਵਾਂ 'ਤੇ ਸਮਾਰਟ ਬਿਜਲੀ ਮੀਟਰ ਲਗਾਉਣ ਆਏ ਮੁਲਾਜ਼ਮਾਂ ਦਾ ਵਿਰੋਧ ਵੀ ਹੋਇਆ ਸੀ। ਵਿਰੋਧ ਕਰਨ ਵਾਲੇ ਲੋਕਾਂ ਨੂੰ ਖਦਸ਼ਾ ਹੈ ਕਿ ਨਵੇਂ ਸਮਾਰਟ ਮੀਟਰ ਨਾਲ ਮੁਫ਼ਤ ਬਿਜਲੀ ਸਕੀਮ ਬੰਦ ਹੋ ਸਕਦੀ ਹੈ। ਇਸ ਸਬੰਧੀ ਬਿਜਲੀ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਨਵੇਂ ਸਮਾਰਟ ਮੀਟਰ 300 ਯੂਨਿਟ ਦੀ ਖਤਪ ਤੱਕ ਵੱਖਰਾ ਨੋਟ ਕਰਦੇ ਹਨ ਅਤੇ ਬਾਅਦ ਵਿੱਚ ਜਿਹਨਾਂ ਦੇ ਮੀਟਰ ਵਾਧੂ ਬਿਜਲੀ ਫੂਕ ਦਿੰਦੇ ਉਹਨਾਂ ਦੀ ਰੀਡਿੰਗ ਵੱਖ ਤੋਂ ਵੀ ਨੋਟ ਕੀਤੀ ਜਾਂਦੀ ਹੈ। ਇਹਨਾਂ ਮੀਟਰਾਂ ਨਾਲ 300 ਯੂਨਿਟ ਮੁਫ਼ਤ ਬਿਜਲੀ ਸਕੀਮ 'ਤੇ ਕੋਈ ਅਸਰ ਨਹੀਂ ਪਵੇਗਾ। 


 


ਘਰ ਬੈਠੇ ਕਿਵੇਂ ਦੇਖ ਸਕਦੇ ਬਿਜਲੀ ਖਪਤ ?
 


- ਜੇਕਰ ਤੁਹਾਡੇ ਘਰ ਸਮਾਰਟ ਮੀਟਰ ਲੱਗਿਆ ਹੈ ਤਾਂ ਤੁਸੀਂ ਹਰ ਰੋਜ਼ ਬਿਜਲੀ ਦੀ ਖਪਤ ਦਾ ਡਾਟਾ ਘਰ ਬੈਠੇ ਹੀ ਦੇਖ ਸਕਦੇ ਹੋ। ਇਸ ਦੇ ਲਈ ਬਿਜਲੀ ਵਿਭਾਗ ਵੱਲੋਂ ਇੱਕ ਮੋਬਾਇਲ ਐਪਲੀਕੇਸ਼ਨ ਤਿਆਰ ਕੀਤੀ ਗਈ ਹੈ। ਜਿਸ ਦੀ ਮਦਦ ਨਾਲ ਤਸੀਂ ਬਿਜਲੀ ਦੀ ਖਪਤ ਨੂੰ ਦੇਖ ਕੇ ਉਸ ਹਿਸਾਬ ਨਾਲ ਹੀ ਵਰਤੋ ਕਰ ਸਕਦੇ ਹੋ। ਪਾਵਰਕੌਮ ਦੇ ਵੈਸਟ ਡਿਵੀਜਨ ਹੈੱਡ ਸੰਨੀ ਭਾਗਰਾ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੱਤੀ ਹੈ। ਮੋਬਾਈਲ ਐਪ ਵਰਤਣ ਲਈ ਆਪਣਾ ਮੋਬਾਈਲ ਨੰਬਰ ਅਤੇ ਈ-ਮੇਲ ਆਈ.ਡੀ ਦਰਜ ਕਰਨੀ ਹੋਵੇਗੀ। ਬਿਜਲੀ ਵਿਭਾਗ ਮੁਲਾਜ਼ਮਾਂ ਦੇ ਪਿੰਡਾਂ ਸ਼ਹਿਰਾਂ ਵਿੱਚ ਗੇੜੇ ਘਟਾਉਣ ਲਈ ਪਾਵਰਕੌਮ ਨੇ ਮੌਜੂਦਾ ਸਮੇਂ ਸਪੌਟ ਬਿਲਿੰਗ ਸੇਵਾ ਵੀ ਸ਼ੁਰੂ ਕੀਤੀ ਹੋਈ ਹੈ। ਇਸ ਨਾਲ ਬਿਜਲੀ ਵਿਭਾਗ ਦਾ ਮੁਲਾਜ਼ਮ ਤੁਹਾਡੇ ਕੋਲ ਨਹੀ਼ ਆਵੇਗਾ। ਤੁਹਾਡੇ ਮੋਬਾਇਲ 'ਤੇ ਜਿਹੜਾ ਬਿਲ ਆਇਆ ਹੋਵੇਗਾ ਉਸਨੂੰ ਤੁਸੀਂ ਪਾਵਰਕੌਮ ਦੀ ਐਪ ਰਾਹੀਂ ਹੀ ਭਰ ਸਕਦ ਹੋ।