ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੌਕਡਾਊਨ ਦੌਰਾਨ ਕੋਰੋਨਵਾਇਰਸ ਖ਼ਤਰੇ ਬਾਰੇ ਵੀਡੀਓ ਕਾਨਫਰੰਸਿੰਗ ਰਾਹੀਂ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀਆਂ ਨੂੰ ਕਿਹਾ ਕਿ ਕੋਵਿਡ-19 ਦੇ ਮਰੀਜ਼ਾਂ ਲਈ ਵੱਖਰੇ, ਖਾਸ ਹਸਪਤਾਲਾਂ ਦੀ ਜ਼ਰੂਰਤ ਹੈ। ਇਸ ਬੈਠਕ ‘ਚ ਪ੍ਰਧਾਨ ਮੰਤਰੀ ਮੋਦੀ ਸਮੇਤ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਹੋਰ ਪ੍ਰਮੁੱਖ ਲੋਕ ਮੌਜੂਦ ਸੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮੰਤਰੀਆਂ ਨੂੰ ਕਿਹਾ ਕਿ ਅਗਲੇ ਕੁਝ ਹਫ਼ਤਿਆਂ ਲਈ ਸਾਰਾ ਧਿਆਨ ਸੰਕਰਮਿਤ ਲੋਕਾਂ ਦੀ ਜਾਂਚ, ਉਨ੍ਹਾਂ ਦਾ ਪਤਾ ਲਾਉਣ, ਉਨ੍ਹਾਂ ਨੂੰ ਘਰਾਂ, ਵੱਖਰੇ ਕੇਂਦਰਾਂ ਜਾਂ ਹਸਪਤਾਲਾਂ ਵਿੱਚ ਆਈਸੋਲੇਸ਼ਨ ‘ਚ ਰੱਖਣ ‘ਤੇ ਕੇਂਦਰਤ ਹੋਣਾ ਚਾਹੀਦਾ ਹੈ।

ਉਨ੍ਹਾਂ ਕਿਹਾ, "ਲੌਕਡਾਊਨ ਖ਼ਤਮ ਹੋਣ ਤੋਂ ਬਾਅਦ, ਹੌਲੀ-ਹੌਲੀ ਜ਼ਿੰਦਗੀ ਨੂੰ ਸਧਾਰਨ ਬਣਾਉਣ ਲਈ ਸਾਂਝੀ ਰਣਨੀਤੀ ਤਿਆਰ ਕਰਨੀ ਮਹੱਤਵਪੂਰਨ ਹੈ।" ਪ੍ਰਧਾਨ ਮੰਤਰੀ ਨੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸ ਕਰਦਿਆਂ ਕਿਹਾ ਕਿ ਲੌਕਡਾਊਨ ਖ਼ਤਮ ਹੋਣ ਤੋਂ ਬਾਅਦ ਰਾਜਾਂ ਤੇ ਕੇਂਦਰ ਨੂੰ ਲੋਕਾਂ ਦੇ ਘਰਾਂ ਤੋਂ ਬਾਹਰ ਜਾਣ ਨੂੰ ਧਿਆਨ ਵਿੱਚ ਰੱਖਦਿਆਂ ਰਣਨੀਤੀ ਤਿਆਰ ਕਰਨੀ ਚਾਹੀਦੀ ਹੈ।

ਕੋਵਿਡ-19 ਦੇ ਫੈਲਣ ਤੇ ਇਸ ਨਾਲ ਜੁੜੇ ਮੁੱਦਿਆਂ ਦਰਮਿਆਨ ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਵਿੱਚ ਪ੍ਰਧਾਨ ਮੰਤਰੀ ਨਾਲ ਮੁੱਖ ਮੰਤਰੀਆਂ ਦੀ ਇਹ ਦੂਜੀ ਗੱਲਬਾਤ ਹੈ। ਅਜਿਹੀ ਪਹਿਲੀ ਗੱਲਬਾਤ 20 ਮਾਰਚ ਨੂੰ ਹੋਈ ਸੀ। ਭਾਰਤ ਵਿੱਚ ਕੋਰੋਨਾਵਾਇਰਸ ਦਾ ਪ੍ਰਕੋਪ ਨਿਰੰਤਰ ਵਧ ਰਿਹਾ ਹੈ। ਹੁਣ ਤਕ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 2105 ਹੋ ਗਈ। ਜਦਕਿ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 50 ਹੋ ਗਈ ਹੈ। ਇਸ ਦੇ ਨਾਲ ਹੀ ਹੁਣ ਤੱਕ ਇਸ ਨਾਲ ਸੰਕਰਮਿਤ 171 ਵਿਅਕਤੀਆਂ ਦਾ ਇਲਾਜ ਕੀਤਾ ਜਾ ਚੁੱਕਾ ਹੈ।