ਦਰਅਸਲ ਸਿੱਧੂ ਮੂਸੇਵਾਲਾ ਦਾ ਇਹ ਗੀਤ ਕਰੋਨਾਵਾਇਰਸ ਬਾਰੇ ਸੀ, ਜਿਸ ਵਿੱਚ ਉਸ ਨੇ ਪਿੰਡ ਪਠਲਾਵਾ ਦੇ ਮਰਹੂਮ ਬਲਦੇਵ ਸਿੰਘ ਦੀਆਂ ਤਸਵੀਰਾਂ ਲਾ ਕੇ ਆਪਣੇ ਯੂ-ਟਿਊਬ ਪੇਜ ’ਤੇ ਪਾਇਆ ਹੋਇਆ ਸੀ। ਡੀਜੀਪੀ ਦਿਨਕਰ ਗੁਪਤਾ ਨੇ ਬਗੈਰ ਸੋਚੇ-ਸਮਝੇ ਇਸ ਨੂੰ ਆਪਣੇ ਟਵਿੱਟਰ ਹੈਂਡਲ 'ਤੇ ਸ਼ੇਅਰ ਕਰ ਦਿੱਤਾ। ਇਸ ਮਗਰੋਂ ਲੋਕਾਂ ਦੀ ਬੇਹੱਦ ਤਿੱਖੀ ਪ੍ਰਤੀਕ੍ਰਿਆ ਆਈ।
ਦੱਸ ਦਈਏ ਕਿ ਪੰਜਾਬ ਵਿੱਚ ਕਰੋਨਾਵਾਇਰਸ ਨਾਲ ਪਹਿਲੀ ਮੌਤ ਪਿੰਡ ਪਠਲਾਵਾ ਦੇ ਬਲਦੇਵ ਸਿੰਘ ਦੀ 18 ਮਾਰਚ ਨੂੰ ਹੋਈ ਸੀ। ਬਲਦੇਵ ਸਿੰਘ 7 ਮਾਰਚ ਨੂੰ ਆਪਣੇ ਦੋ ਹੋਰ ਸਾਥੀਆਂ ਸਣੇ ਇਟਲੀ ਤੋਂ ਆਇਆ ਸੀ। ਬਲਦੇਵ ਸਿੰਘ ਦੀ ਮੌਤ ਨੂੰ ਸਿੱਧੂ ਮੂਸੇਵਾਲਾ ਨੇ ਆਪਣੇ ਗੀਤ ਰਾਹੀਂ ਕੁਝ ਇਸ ਤਰ੍ਹਾਂ ਪ੍ਰਚਾਰਿਆ ਸੀ ਜਿਵੇਂ ਉਹੀ ਕਰੋਨਾਵਾਇਰਸ ਫੈਲਾਉਣ ਲਈ ਜ਼ਿੰਮੇਵਾਰ ਹੋਵੇ। ਇਸ ਗੀਤ ਨੂੰ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਆਪਣੇ ਟਵਿੱਟਰ ਹੈਂਡਲ ’ਤੇ 26 ਮਾਰਚ ਦੀ ਰਾਤ ਨੂੰ ਪਾਇਆ ਸੀ। ਇਹੀ ਗੀਤ ਪੰਜਾਬ ਪੁਲੀਸ ਦੇ ਅਧਿਕਾਰਤ ਟਵਿੱਟਰ ਹੈਂਡਲ ’ਤੇ ਪਾਇਆ ਗਿਆ ਸੀ।