ਇਸ ਦੌਰਾਨ ਵਿਆਹ 'ਚ ਸ਼ਾਮਲ ਲੋਕਾਂ ਨੇ ਆਬਕਾਰੀ ਵਿਭਾਗ ਤੇ ਪੁਲਿਸ ਦੀ ਟੀਮ 'ਤੇ ਹਮਲਾ ਕਰ ਦਿੱਤਾ। ਇਸ 'ਚ ਆਬਕਾਰੀ ਇੰਸਪੈਕਟਰ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਧਨੌਲਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜ਼ਖਮੀ ਹੋਏ ਆਬਕਾਰੀ ਇੰਸਪੈਕਟਰ ਕ੍ਰਿਸ਼ਨਾ ਗਰਗ ਨੇ ਦੱਸਿਆ ਕਿ ਮੈਰਿਜ਼ ਪੈਲੇਸ 'ਚ ਵਿਆਹ ਹੋ ਰਿਹਾ ਸੀ। ਉਨ੍ਹਾਂ ਨੂੰ ਪਤਾ ਲੱਗਿਆ ਕਿ ਵਿਆਹ 'ਚ ਨਾਜਾਇਜ਼ ਸ਼ਰਾਬ ਦਾ ਇਸਤੇਮਾਲ ਕੀਤਾ ਜਾ ਰਿਹਾ ਸੀ। ਇਸ ਤੋਂ ਬਾਅਦ ਉਹ ਥਾਣਾ ਧਨੌਲਾ ਦੇ ਐਸਐਚਓ ਨੂੰ ਲੈ ਕੇ ਪੈਲੇਸ ਪਹੁੰਚੇ ਤੇ ਨਾਜਾਇਜ਼ ਸ਼ਰਾਬ ਜ਼ਬਤ ਕੀਤੀ, ਪਰ ਵਿਆਹ 'ਚ ਸ਼ਾਮਲ 40 ਤੋਂ 50 ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ ਨੂੰ ਘੇਰ ਕੇ ਹਮਲਾ ਕਰ ਦਿੱਤਾ। ਪੁਲਿਸ ਨੇ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਾ ਕੀਤੀ।
ਇਸ ਮਾਮਲੇ 'ਤੇ ਆਬਕਾਰੀ ਵਿਭਾਗ ਬਰਨਾਲਾ ਦੇ ਈਟੀਓ ਨਰਿੰਦਰ ਕੁਮਾਰ ਨੇ ਕਿਹਾ ਕਿ ਦੋਸ਼ੀਆਂ 'ਤੇ ਨਾਜਾਇਜ਼ ਸ਼ਰਾਬ ਦਾ ਕੇਸ ਦਰਜ ਕੀਤਾ ਹੈ। ਇੰਸਪੈਕਟਰ ਨੂੰ ਕੁੱਟਣ ਵਾਲਿਆਂ 'ਤੇ ਵੀ ਕਾਰਵਾਈ ਦੇ ਨਾਲ ਪੈਲੇਸ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਮਾਮਲੇ 'ਤੇ ਆਬਕਾਰੀ ਵਿਭਾਗ ਕਰਮਚਾਰੀ ਯੂਨੀਅਨ ਦੇ ਆਗੂ ਨਛੱਤਰ ਸਿੰਘ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਪੁਲਿਸ ਤੇ ਸਰਕਾਰ ਨੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਨਾ ਕੀਤੀ ਤਾਂ ਪੂਰੇ ਪੰਜਾਬ ਦੇ ਆਬਕਾਰੀ ਵਿਭਾਗ ਦੇ ਕਰਮਚਾਰੀ ਇਕੱਠੇ ਹੋ ਕੇ ਸੰਘਰਸ਼ ਕਰਨਗੇ। ਇਸ ਮਾਮਲੇ ‘ਤੇ ਥਾਣਾ ਧਨੌਲਾ ਦੇ ਐਸਐਚਓ ਹਾਕਮ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਇੰਸਪੈਕਟਰ ਦੇ ਬਿਆਨਾਂ ਦੇ ਅਧਾਰ ‘ਤੇ ਦੋਸ਼ੀ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।