ਨਵੀਂ ਦਿੱਲੀ: ਸੋਸ਼ਲ ਮੀਡੀਆ ਪਲੇਟਫ਼ਾਰਮ ਫ਼ੇਸਬੁੱਕ ਨੇ ਅੱਜ ਵੀਰਵਾਰ ਨੂੰ ਕਿਹਾ ਹੈ ਕਿ ਉਸ ਨੇ ਗ਼ਲਤੀ ਨਾਲ ਉਹ ਹੈਸ਼ਟੈਗ ਆਰਜ਼ੀ ਤੌਰ ’ਤੇ ਬਲੌਕ ਕਰ ਦਿੱਤਾ ਸੀ, ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਅਸਤੀਫ਼ੇ ਦੀ ਮੰਗ ਕੀਤੀ ਗਈ ਸੀ। ਫ਼ੇਸਬੁੱਕ ਨੇ ਸਪੱਸ਼ਟੀਕਰਨ ਦਿੱਤਾ ਹੈ ਕਿ ਅਜਿਹਾ ਭਾਰਤ ਸਰਕਾਰ ਦੇ ਹੁਕਮਾਂ ’ਤੇ ਨਹੀਂ ਕੀਤਾ ਗਿਆ ਸੀ।


 


ਫ਼ੇਸਬੁੱਕ ਨੂੰ ਅਜਿਹਾ ਸਪੱਸ਼ਟੀਕਰਨ ਇਸ ਲਈ ਦੇਣਾ ਪਿਆ ਕਿਉਂਕਿ ਅਜਿਹੀਆਂ ਰਿਪੋਰਟਾਂ ਆਉਣ ਲੱਗ ਪਈਆਂ ਸਨ ਕਿ ਸੋਸ਼ਲ ਮੀਡੀਆ ਕੰਪਨੀਆਂ ਨੂੰ ਅਜਿਹੀ ਪੋਸਟਾਂ ਹਟਾਉਣ ਲਈ ਆਖਿਆ ਜਾ ਰਿਹਾ ਹੈ, ਜੋ ਸਰਕਾਰ ਦੇ ਵਿਰੁੱਧ ਹਨ ਤੇ ਕੋਰੋਨਾਵਾਇਰਸ ਦੀ ਮਹਾਮਾਰੀ ਨਾਲ ਨਿਪਟਣ ਦੇ ਮਾਮਲੇ ’ਚ ਸਰਕਾਰ ਦੀ ਆਲੋਚਨਾ ਕਰਦੀਆਂ ਹਨ।


 


ਪੀਟੀਆਈ ਦੀ ਰਿਪੋਰਟ ਅਨੁਸਾਰ ਫ਼ੇਸਬੁੱਕ ਨੇ ਅੱਜ ਇੱਕ ਬਿਆਨ ਜਾਰੀ ਕਰ ਕੇ ਸਪੱਸ਼ਟੀਕਰਣ ਦਿੱਤਾ ਹੈ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਅਸਤੀਫ਼ੇ ਦੀ ਮੰਗ ਕਰਨ ਵਾਲਾ ਹੈਸ਼ਟੈਗ ਕੱਲ੍ਹ ਬੁੱਧਵਾਰ ਨੂੰ ਫ਼ੇਸਬੁੱਕ ਨੇ ਕੁਝ ਸਮੇਂ ਲਈ ਬਲੌਕ ਕਰ ਦਿੱਤਾ ਸੀ। ਨਾਲ ਹੀ ਇਹ ਸੰਦੇਸ਼ ਵੀ ਦਿੱਤਾ ਗਿਆ ਸੀ ਕਿ ਅਜਿਹੀਆਂ ਪੋਸਟਾਂ ‘ਅਸਥਾਈ ਤੌਰ ਉੱਤੇ ਲੁਕਵੀਂਆਂ’ ਰਹਿਣਗੀਆਂ, ਇਨ੍ਹਾਂ ਪੋਸਟਾਂ ਦਾ ਕੁਝ ਕੰਟੈਂਟ ਕਮਿਊਨਿਟੀ ਮਿਆਰਾਂ ਦੇ ਵਿਰੁੱਧ ਹੈ।


 


ਭਾਰਤ ’ਚ ਪਿਛਲੇ ਕੁਝ ਦਿਨਾਂ ਤੋਂ ਕੋਵਿਡ-29 ਦੇ ਰੋਜ਼ਾਨਾ ਰਿਕਾਰਡ ਮਾਮਲੇ ਸਾਹਮਣੇ ਆ ਰਹੇ ਹਨ। ਇਸ ਨਾਲ ਦੇਸ਼ ਦੇ ਸਿਹਤ ਬੁਨਿਆਦੀ ਢਾਂਚੇ ਉੱਤੇ ਡਾਢਾ ਦਬਾਅ ਪਿਆ ਹੋਇਆ ਹੈ। ਮਹਾਮਾਰੀ ਦੀ ਇਸ ਦੂਜੀ ਲਹਿਰ ਕਾਰਨ ਕਈ ਰਾਜਾਂ ਵਿੱਚ ਮੈਡੀਕਲ ਆਕਸੀਜਨ ਅਤੇ ਬਿਸਤਰਿਆਂ ਦੀ ਘਾਟ ਪੈਦਾ ਹੋ ਗਈ ਹੈ।


 


ਸੋਸ਼ਲ ਮੀਡੀਆ ਦੀਆਂ ਟਾਈਮਲਾਈਨਜ਼ ਇਸ ਵੇਲੇ ਆਕਸੀਜਨ ਸਿਲੰਡਰਾਂ, ਹਸਪਤਾਲ ਦੇ ਬਸਿਤਰਿਆਂ, ਪਲਾਜ਼ਮਾ ਦਾਨੀਆਂ ਤੇ ਵੈਂਟੀਲੇਟਰਜ਼ ਦੀ ਮੰਗ ਲਈ ਤੜਪਦੇ ਮਰੀਜ਼ਾਂ ਵਾਸਤੇ SOS ਸੱਦਿਆਂ ਨਾਲ ਭਰੀਆਂ ਪਈਆਂ ਹਨ। ਹਾਲ ਹੀ ਵਿੱਚ ਟਵਿਟਰ ਅਤੇ ਸੋਸ਼ਲ ਮੀਡੀਆ ਦੇ ਹੋਰ ਪਲੇਟਫ਼ਾਰਮਜ਼ ਨੇ ਲਗਭਗ 100 ਪੋਸਟਾਂ ਤੇ URLs ਹਟਾਏ ਹਨ ਕਿਉਂਕਿ ਸਰਕਾਰ ਨੇ ਉਨ੍ਹਾਂ ਨੂੰ ਅਜਿਹਾ ਕਰਨ ਲਈ ਆਖਿਆ ਸੀ।