ਚੰਡੀਗੜ੍ਹ: 26 ਮਾਰਚ ਨੂੰ ਭਾਰਤ ਬੰਦ ਕਰਕੇ ਚਰਚਾ ਹੈ ਕਿ ਹੋਲਾ ਮਹੱਲੇ 'ਤੇ ਜਾਣ ਵਾਲੀਆਂ ਸੰਗਤਾਂ ਨੂੰ ਦਿੱਕਤ ਆਏਗੀ। ਇਸ ਬਾਰੇ ਕਿਸਾਨ ਲੀਡਰ ਰੁਲਦੂ ਸਿੰਘ ਮਾਨਸਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੰਗਤ ਬੰਦ ਦੇ ਸੱਦੇ ਦਾ ਸਹਿਯੋਗ ਕਰੇ। ਉਨ੍ਹਾਂ ਕਿਹਾ ਕਿ ਸੰਗਤ ਕੱਲ੍ਹ ਦੀ ਬਜਾਏ ਅੱਜ ਹੀ ਦਰਸ਼ਨਾਂ ਲਈ ਪਹੁੰਚ ਜਾਵੇ ਜਾਂ ਫਿਰ ਕੱਲ੍ਹ ਦਾ ਦਿਨ ਛੱਡ ਕੇ ਪਰਸੋਂ ਅਨੰਦਪੁਰ ਸਾਹਿਬ ਜਾਇਆ ਜਾਵੇ।


 


ਉਧਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਸਾਨਾਂ ਦੇ 26 ਮਾਰਚ ਨੂੰ ਭਾਰਤ ਬੰਦ ਦਾ ਸਮਰਥਨ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਕਾਲੇ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਕਿਸਾਨਾਂ ਵੱਲੋਂ ਭਾਰਤ ਬੰਦ ਦੇ ਸੱਦੇ ਦੀ ਹਮਾਇਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਬੰਦ ਰੱਖੇ ਜਾਣਗੇ।


 


ਇਸ ਦੇ ਨਾਲ ਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਸਬੰਧੀ ਸ੍ਰੀ ਅੰਮ੍ਰਿਤਸਰ ਤੋਂ ਦਿੱਲੀ ਲਈ ਆਰੰਭ ਕੀਤਾ ਗਿਆ ਨਗਰ ਕੀਰਤਨ ਵੀ ਇੱਕ ਦਿਨ ਦਾ ਵਿਸ਼ਰਾਮ ਕਰੇਗਾ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਕਿਸਾਨਾਂ ਦੇ ਸੰਘਰਸ਼ ਵਿੱਚ ਸ਼ਾਮਲ ਹੈ ਤੇ 26 ਮਾਰਚ ਨੂੰ ਭਾਰਤ ਬੰਦ ਦਾ ਹਿੱਸੇ ਬਣੇਗੀ।


 


ਰੁਲਦੁ ਸਿੰਘ ਮਾਨਸਾ ਨੇ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ ਉਨ੍ਹਾਂ ਨੂੰ ਦੇਸ਼ ਦੇ ਹਰ ਵਰਗ ਵੱਲੋਂ ਹਮਾਇਤ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲੇ ਭਾਰਤ ਬੰਦ ਨਾਲੋਂ ਇਸ ਵਾਰ ਫਰਕ ਹੋਵੇਗਾ। ਇਸ ਵਾਰ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਭਾਰਤ ਬੰਦ ਹੋਏਗਾ। ਪਹਿਲਾਂ ਇਕੱਲੇ ਕਿਸਾਨਾਂ ਦਾ ਭਾਰਤ ਬੰਦ ਸੀ ਪਰ ਕੱਲ੍ਹ ਨੂੰ ਟ੍ਰੇਡ ਜਥੇਬੰਦੀਆਂ ਵੀ ਸ਼ਾਮਲ ਹੋਣਗੀਆਂ।  


 


ਕਿਸਾਨ ਲੀਡਰ ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਹਰ ਰਾਜ ਦੀਆਂ ਮੁੱਖ ਟਰੇਡ ਯੂਨੀਅਨਾਂ ਤੇ ਸਥਾਨਕ ਜੱਥੇਬੰਦੀਆਂ ਨੇ ਬੰਦ ਦਾ ਸਮਰਥਨ ਕੀਤਾ ਹੈ। ਦੇਸ਼ ਦੀਆਂ 10 ਵੱਡੀਆਂ ਟਰੇਡ ਯੂਨੀਅਨਾਂ ਤੇ ਦੋ ਹੋਰ ਵੱਡੀਆਂ ਐਸੋਸੀਏਸ਼ਨਾਂ, ਬੈਂਕ, ਡਾਕਟਰਾਂ, ਵਕੀਲਾਂ, ਤਕਨੀਕੀ ਖੇਤਰ ਦੇ ਲੋਕਾਂ, ਮਜ਼ਦੂਰ, ਕਾਰੋਬਾਰੀ ਸੰਸਥਾਵਾਂ, ਸਰਕਾਰੀ ਤੇ ਗ਼ੈਰ-ਸਰਕਾਰੀ ਅਦਾਰਿਆਂ ਦੀਆਂ ਯੂਨੀਅਨਾਂ, ਵਿਦਿਆਰਥੀ ਤੇ ਮਹਿਲਾ ਜਥੇਬੰਦੀਆਂ ਵੱਲੋਂ ਵੀ ਸਮਰਥਨ ਦੇ ਬਿਆਨ ਆ ਚੁੱਕੇ ਹਨ।