ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੌਕਸ ਕਰਦਿਆਂ ਕਿਹਾ ਹੈ ਕਿ ਕੇਂਦਰ ਘੱਟੋ ਘੱਟ ਕੌਮੀ ਸੁਰੱਖਿਆ ਦੇ ਹਿੱਤ ਵਿੱਚ ਹੀ ਖੇਤੀ ਕਾਨੂੰਨ ਰੱਦ ਕਰ ਦੇਵੇ। ਉਨ੍ਹਾਂ ਕਿਹਾ ਕਿ ਕਿਸਾਨੀ ਸੰਕਟ ਨੂੰ ਸੁਲਝਾਉਣ ਵਿੱਚ ਦੇਰੀ ਕਰਕੇ ਕੇਂਦਰ ਸਰਕਾਰ ਪਾਕਿਸਤਾਨ ਨੂੰ ਪੰਜਾਬ ਵਿੱਚ ਵਧੀ ਬੇਚੈਨੀ ਦਾ ਫਾਇਦਾ ਚੁੱਕਣ ਦਾ ਮੌਕਾ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਹਿਟਲਰ ਦਾ ਜਰਮਨੀ ਨਹੀਂ ਤੇ ਨਾ ਹੀ ਮਾਓ ਜੇ ਤੁੰਗ ਦਾ ਚੀਨ ਹੈ। ਲੋਕਾਂ ਦੀ ਆਵਾਜ਼ ਸੁਣਨੀ ਪਵੇਗੀ।


ਕੈਪਟਨ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਪਾਕਿਸਤਾਨ ਪੰਜਾਬ ਦੀ ਜਵਾਨੀ ਵਿੱਚ ਪਾਈ ਜਾਂਦੀ ਨਿਰਾਸ਼ਾ ਦਾ ਲਾਹਾ ਚੁੱਕਦਾ ਆਇਆ ਹੈ ਪਰ ਇਸ ਵੇਲੇ ਦਿੱਲੀ ਇਸ ਬਾਰੇ ਸੁੱਤੀ ਪਈ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਜ਼ਿੱਦ ਤੇ ਹਉਮੈ ਛੱਡਣ ਤੇ ਤੁਰੰਤ ਖੇਤੀ ਕਾਨੂੰਨ ਵਾਪਸ ਲੈਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਸਿਆਸੀ ਮਸਲਾ ਨਹੀਂ ਸਗੋਂ ਉਨ੍ਹਾਂ ਦੀ ਹੋਂਦ ਨਾਲ ਜੁੜਿਆ ਹੋਇਆ ਹੈ।


ਕੈਪਟਨ ਅਮਰਿੰਦਰ ਨੇ ਕਿਹਾ ਕਿ ਹੁਣ ਤੱਕ ਕਿਸੇ ਵੀ ਰਾਜਨੀਤਕ ਦਖ਼ਲ ਦਾ ਵਿਰੋਧ ਕਰਨ ਵਾਲੇ ਕਿਸਾਨ ਜੇਕਰ ਉਨ੍ਹਾਂ ਕੋਲ ਇਸ ਮਾਮਲੇ ਵਿੱਚ ਦਖਲ ਲਈ ਆਉਣਗੇ ਤਾਂ ਉਹ ਖੁਸ਼ੀ ਨਾਲ ਇਸ ਮੌਜੂਦਾ ਸੰਕਟ ਦੇ ਹੱਲ ਸਬੰਧੀ ਸੁਝਾਅ ਦੇਣਗੇ। ਕੈਪਟਨ ਨੇ ਕਿਹਾ ਕਿ ਉਨ੍ਹਾਂ ਨੇ ਅਤਿਵਾਦ ਦੇ ਸਿਰ ਚੁੱਕਣ ਦਾ ਦੌਰ ਵੀ ਦੇਖਿਆ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਦੀ ਹੱਤਿਆ ਦਾ ਵੀ। ਪਾਕਿਸਤਾਨ ਤੇ ਚੀਨ ਦਰਮਿਆਨ ਆਰਥਿਕ ਤੇ ਫੌਜੀ ਗੱਠਜੋੜ ਦੇ ਕਾਰਨ ਅੱਜ ਸਥਿਤੀ ਬਹੁਤ ਖਰਾਬ ਹੈ ਜੋ ਕਿ ਭਾਰਤ ਲਈ ਚੰਗਾ ਸੂਚਕ ਨਹੀਂ।