ਨਵੀਂ ਦਿੱਲੀ: ਭਾਰਤੀ ਕਿਸਾਨ ਯੂਨੀਅਨ (ਟਿਕੈਤ) ਦੇ ਲੀਡਰ ਰਾਕੇਸ਼ ਟਿਕੈਤ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਸਾਲ 2024 ਤੱਕ ਵੀ ਅੰਦੋਲਨ ਜਾਰੀ ਰੱਖਣ ਦਾ ਸੰਕੇਤ ਦਿੰਦਿਆਂ ਕਿਹਾ ਹੈ ਕਿ ਦਿੱਲੀ ਤੋਂ ਲੁਟੇਰਿਆਂ ਨੂੰ ਭਜਾਉਣਾ ਹੈ। ਉਨ੍ਹਾਂ ਬਗੈਰ ਕਿਸੇ ਦਾ ਨਾਂ ਲਏ ਕਿਹਾ ਉਹ ਆਖਰੀ ਬਾਦਸ਼ਾਹ ਸਾਬਤ ਹੋਵੇਗਾ। ਉਨ੍ਹਾਂ ਨੇ ਕਿਸਾਨਾਂ ਨੂੰ ਇੱਕ ਪਿੰਡ, ਇੱਕ ਟਰੈਕਟਰ ਤੇ 15 ਵਿਅਕਤੀਆਂ ਦਾ ਨਾਅਰਾ ਦਿੰਦਿਆਂ ਕਿਹਾ ਕਿ ਉਹ 10 ਦਿਨ ਦੀ ਤਿਆਰੀ ਖਿੱਚ ਲੈਣ ਤੇ ਕਿਸੇ ਵੀ ਵੇਲੇ ਦਿੱਲੀ ਕੂਚ ਕਰਨ ਦਾ ਸੱਦਾ ਮਿਲ ਸਕਦਾ ਹੈ।

 

ਟਿਕੈਤ ਨੇ 13 ਮਾਰਚ ਨੂੰ ਕੋਲਕਾਤਾ ਜਾਣ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਉਥੋਂ ਦੇ ਕਿਸਾਨਾਂ ਨਾਲ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਬਾਰੇ ਚਰਚਾ ਕਰਕੇ ਬੀਜੇਪੀ ਨੂੰ ਹਰਾਉਣ ਦਾ ਸੱਦਾ ਦੇਣਗੇ। ਉਨ੍ਹਾਂ ਕਿਹਾ ਕਿ ਉਹ ਕਿਸੇ ਪਾਰਟੀ ਵਿਸ਼ੇਸ਼ ਦੀ ਹਮਾਇਤ ਨਹੀਂ ਕਰਨਗੇ। ਉਨ੍ਹਾਂ ਬਿਹਾਰ ’ਚ ਵੀ ਅੰਦੋਲਨ ਤੇਜ਼ ਕਰਨ ਦਾ ਸੱਦਾ ਦਿੱਤਾ।

 

ਅੰਦੋਲਨ ਨੂੰ ਲੈ ਕੇ ਕਿਸਾਨਾਂ ’ਚ ਮੱਤਭੇਦਾਂ ਦੇ ਦਾਅਵਿਆਂ ਨੂੰ ਖਾਰਜ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਝੰਡੇ ਨੂੰ ਲੈ ਕੇ ਕੋਈ ਵੀ ਇਤਰਾਜ਼ ਨਹੀਂ ਕਰਦਾ। ਇਕਜੁੱਟ ਨਾ ਹੋਣ ਕਾਰਨ ਹੀ ਕਿਸਾਨਾਂ ਦੀ ਲੁੱਟ ਹੋਈ ਹੈ। ਭਾਰਤ ਦੇ ਕਿਸਾਨ ਅੰਦੋਲਨ ਦੀ ਗੂੰਜ ਹੁਣ ਪੂਰੀ ਦੁਨੀਆ ’ਚ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਹਾਰ ਗਏ ਤਾਂ ਮਜ਼ਦੂਰ ਅਤੇ ਨੌਜਵਾਨ ਵੀ ਹਾਰ ਜਾਣਗੇ ਤੇ ਜਿੱਤ ਲਈ ਪੂਰੀ ਤਾਕਤ ਨਾਲ ਲੜਾਈ ਲੜਨੀ ਹੋਵੇਗੀ।