ਜੀਂਦ: ਜੀਂਦ ਦੇ ਉਚਾਣਾ 'ਚ ਸੈਂਕੜੇ ਕਿਸਾਨਾਂ ਨੇ ਹਰਿਆਣਾ ਸਰਕਾਰ ਡੇਗਣ ਲਈ ਜੇਜੇਪੀ ਦੇ ਵਿਧਾਇਕ ਤੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਦਫ਼ਤਰ ਵਿਖੇ ਉਨ੍ਹਾਂ ਦੇ ਚੌਂਕੀਦਾਰ ਨੂੰ ਮੰਗ ਪੱਤਰ ਸੌਂਪਿਆ। ਉਪ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਕਾਰਨ ਕਿਸਾਨਾਂ ਵੱਲੋਂ ਮੰਗ ਪੱਤਰ ਦੀ ਇੱਕ ਕਾਪੀ ਦਫ਼ਤਰ ਦੀ ਕੰਧ ‘ਤੇ ਲਾਈ ਗਈ।

 

ਮੰਗ ਪੱਤਰ ਦਿੰਦੇ ਹੋਏ ਵੱਡੀ ਗਿਣਤੀ ਔਰਤਾਂ ਨੇ ਵੀ ਪ੍ਰਦਰਸ਼ਨ ਵਿੱਚ ਹਿੱਸਾ ਲਿਆ। ਸੁਰੱਖਿਆ ਦੀ ਖ਼ਾਤਰ ਚੌਟਾਲਾ ਦੇ ਦਫ਼ਤਰ ਵਿਖੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਵੀ ਤਾਇਨਾਤ ਸੀ। ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੋਂ ਬਾਅਦ ਅੱਜ ਜੀਂਦ ਦੇ ਹੋਰ ਵਿਧਾਇਕਾਂ ਨੂੰ ਵੀ ਮੰਗ ਪੱਤਰ ਸੌਂਪਿਆ ਜਾਵੇਗਾ। ਮੈਮੋਰੰਡਮ 'ਚ 10 ਮਾਰਚ ਨੂੰ ਹੋਣ ਵਾਲੇ ਵਿਸ਼ਵਾਸ-ਪ੍ਰਸਤਾਵ 'ਚ ਸਰਕਾਰ ਖਿਲਾਫ ਵੋਟ ਪਾਉਣ ਲਈ ਕਿਹਾ ਗਿਆ ਹੈ।

 

ਇਨ੍ਹਾਂ ਵਿਧਾਇਕਾਂ ਨੂੰ ਮੰਗ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਜੇ ਤੁਸੀਂ ਸਰਕਾਰ ਦੇ ਸਮਰਥਨ ਵਿੱਚ ਵੋਟ ਦਿੰਦੇ ਹੋ ਤਾਂ ਇਸ ਹਲਕੇ ਦੇ ਲੋਕ ਤੁਹਾਨੂੰ ਸਬਕ ਸਿਖਾਉਣ ਲਈ ਮਜਬੂਰ ਹੋਣਗੇ। ਮੰਗ ਪੱਤਰ ਦੇਣ ਤੋਂ ਬਾਅਦ ਕਿਸਾਨਾਂ ਨੇ ਕਿਹਾ ਕਿ ਦੁਸ਼ਯੰਤ ਚੌਟਾਲਾ ਵੋਟਾਂ ਲੈਣ ਸਮੇਂ ਉਚਾਨਾ ਆਉਂਦੇ ਹਨ, ਪਰ ਉਨ੍ਹਾਂ ਕੋਲ ਕਿਸਾਨਾਂ ਦੇ ਮੰਗ ਪੱਤਰ ਲੈਣ ਲਈ ਸਮਾਂ ਨਹੀਂ।

 

ਉਧਰ ਭਾਰਤੀ ਕਿਸਾਨ ਯੂਨੀਅਨ ਯਮੁਨਾਨਗਰ ਦੇ ਦੋ ਵਿਧਾਇਕਾਂ ਦੇ ਦਫਤਰ ਪਹੁੰਚੀ ਅਤੇ ਅਵਿਸ਼ਵਾਸ ਪ੍ਰਸਤਾਵ ਬਾਰੇ ਕਿਸਾਨਾਂ ਨੂੰ ਵੋਟ ਪਾਉਣ ਲਈ ਮੰਗ ਪੱਤਰ ਦਿੱਤਾ। ਅੱਜ ਯਮੁਨਾਨਗਰ ਵਿੱਚ ਪ੍ਰਦਰਸ਼ਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਨੇ ਜਗਾਧਰੀ ਦੇ ਵਿਧਾਇਕ ਚੌਧਰੀ ਕੰਵਰ ਪਾਲ ਦੇ ਘਰ ਪਹੁੰਚ ਕੇ ਮੰਗ ਪੱਤਰ ਦਿੱਤਾ। 

 

ਇਸ ਤੋਂ ਇਲਾਵਾ ਕਿਸਾਨ ਹੋਰ ਵੀ ਵੱਖ-ਵੱਖ ਵਿਧਾਇਕਾਂ ਦੀ ਕੋਠੀ 'ਤੇ ਗਏ। ਉਥੇ ਉਨ੍ਹਾਂ ਪ੍ਰਦਰਸ਼ਨ ਕੀਤਾ ਅਤੇ ਇੱਕ ਮੰਗ ਪੱਤਰ ਸੌਂਪਿਆ। ਕਿਸਾਨ ਚਾਹੁੰਦੇ ਹਨ ਕਿ ਜਦੋਂ ਵਿਧਾਨ ਸਭਾ 'ਚ ਕੋਈ ਅਵਿਸ਼ਵਾਸ ਪ੍ਰਸਤਾਵ ਆਵੇ ਤਾਂ ਵਿਧਾਇਕ ਖੇਤੀਬਾੜੀ ਕਾਨੂੰਨਾਂ ਵਿਰੁੱਧ ਵੋਟ ਪਾਉਣ।