ਨਵੀਂ ਦਿੱਲੀ: ਪੀਐਮ ਮੋਦੀ ਨੂੰ ਕਿਸਾਨਾਂ ਨੇ ਵੱਡੀ ਚੇਤਾਵਨੀ ਦਿੱਤੀ ਹੈ। ਕਿਸਾਨਾਂ ਨੇ ਕਿਹਾ ਕਿ ਜੇ ਅੰਦੋਲਨ ਇਸ ਸਾਲ ਖ਼ਤਮ ਨਾ ਹੋਇਆ ਤਾਂ ਸਰਕਾਰ ਨੂੰ ਨਵੇਂ ਸਾਲ ਵਿੱਚ ਵੱਡੀਆਂ ਚੁਣੌਤੀਆਂ ਲਈ ਤਿਆਰ ਰਹਿਣਾ ਪਏਗਾ। ਸਰਕਾਰ ਲਈ ਚੰਗਾ ਹੋਵੇਗਾ ਜੇ ਪ੍ਰਧਾਨ ਮੰਤਰੀ ਇਸ ਸਾਲ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰ ਦਵੇ ਅਤੇ ਮੁੱਦਾ ਖਤਮ ਕਰੇ। ਕਿਸਾਨਾਂ ਨੇ ਨਵੇਂ ਸਾਲ 1 ਜਨਵਰੀ 'ਤੇ ਦਿੱਲੀ ਅਤੇ ਹਰਿਆਣਾ ਦੇ ਆਸ ਪਾਸ ਦੇ ਲੋਕਾਂ ਨੂੰ ਸਿੰਘੂ ਸਰਹੱਦ 'ਤੇ ਉਨ੍ਹਾਂ ਨਾਲ ਮਨਾਉਣ ਦਾ ਸੱਦਾ ਦਿੱਤਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਹਰੇਕ ਨੂੰ ਨਵੇਂ ਸਾਲ ਦਾ ਪਹਿਲਾ ਦਿਨ ਸਾਡੇ ਨਾਲ ਮਨਾਉਣਾ ਚਾਹੀਦਾ ਹੈ। ਇੱਥੇ ਲੰਗਰ ਅਤੇ ਹੋਰ ਸਹੂਲਤਾਂ ਮੁਹਈਆ ਕਰਵਾਈਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਜੇਕਰ ਸਾਲ ਦੇ ਅਖੀਰ ਤੱਕ ਕਨੂੰਨ ਰੱਦ ਨਹੀਂ ਹੁੰਦੇ ਤਾਂ ਕਿਸਾਨ ਟਰੈਕਟਰ ਮਾਰਚ 30 ਦਸੰਬਰ ਨੂੰ ਦਿੱਲੀ ਦੀ ਪੈਰਾਫੇਰੀ 'ਚ ਕੱਢਿਆ ਜਾਵੇਗਾ। ਜੇ ਸੜਕਾਂ ਜਾਮ ਹੋਈਆਂ ਤਾਂ ਪ੍ਰਧਾਨ ਮੰਤਰੀ ਮੋਦੀ ਇਸ ਲਈ ਜ਼ਿੰਮੇਵਾਰ ਹੋਣਗੇ। ਕਿਸਾਨ ਮੋਰਚਾ ਨੇ ਮੀਟਿੰਗ ਦਾ ਏਜੰਡਾ ਕੇਂਦਰ ਸਰਕਾਰ ਨੂੰ ਭੇਜਿਆ ਹੈ। ਕਿਸਾਨ ਖੇਤੀਬਾੜੀ ਕਨੂੰਨਾਂ ਨੂੰ ਰੱਦ ਕਰਨ 'ਤੇ ਅੜੇ ਹੋਏ ਹਨ। ਗੁਜਰਾਤ ਦੇ ਕਿਸਾਨ ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਧੰਨਦਾਤਾ ਨੂੰ ਛੱਡ ਕੇ ਅੰਨਦਾਤਾ ਦੇ ਨਾਲ ਆਉਣ। ਮਹਾਰਾਸ਼ਟਰ ਦੇ ਕਿਸਾਨੀ ਆਗੂਆਂ ਦਾ ਦਾਅਵਾ ਹੈ ਕਿ ਪੰਜਾਬ ਤੋਂ ਸ਼ੁਰੂ ਹੋਈ ਕਿਸਾਨੀ ਲਹਿਰ ਮਰਾਠਾ ਭੂਮੀ ‘ਤੇ ਤੇਜ਼ ਕੀਤੀ ਜਾਵੇਗੀ।
ਪੰਜਾਬ ਤੋਂ ਬਾਅਦ ਕਿਸਾਨਾਂ ਨੇ ਹਰਿਆਣਾ 'ਚ ਵੀ ਟੋਲ ਪਲਾਜ਼ਾ ਪੱਕੇ ਤੌਰ 'ਤੇ ਫ੍ਰੀ ਕਰ ਦਿੱਤੇ ਹਨ। ਪੰਜਾਬ ਵਿੱਚ ਟੋਲ ਪਲਾਜ਼ਾ ਦੋ ਮਹੀਨਿਆਂ ਤੋਂ ਮੁਫਤ ਹਨ। ਕਿਸਾਨ ਨੇਤਾਵਾਂ ਨੇ ਅਡਾਨੀ ਦੇ ਫਾਰਚਿਊਨ ਬ੍ਰਾਂਡ ਨੂੰ ਤਿਆਗਣ ਦੀ ਮੰਗ ਕੀਤੀ। ਕਿਸਾਨਾਂ ਨੇ ਕਿਹਾ ਕਿ ਉਹ ਅੰਬਾਨੀ ਅਤੇ ਅਡਾਨੀ ਦੇ ਕਾਰੋਬਾਰ ਦਾ ਬਾਈਕਾਟ ਕਰਨਗੇ। ਕਿਸਾਨ ਆਗੂ ਬਲਬੀਰ ਰਾਜੇਵਾਲ ਨੇ ਕਿਹਾ ਕਿ ਸਰਕਾਰ ਮੀਟਿੰਗ ਵਿੱਚ ਖੇਤੀਬਾੜੀ ਕਾਨੂੰਨ ਨੂੰ ਰੱਦ ਕਰਨ ਦਾ ਤਰੀਕਾ ਦੱਸੇ। ਸਰਕਾਰ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪ੍ਰਧਾਨ ਮੰਤਰੀ ਦੇ ਝੂਠ ਬੋਲਣ ਨਾਲ ਦੇਸ਼ ਬਦਨਾਮ ਹੁੰਦਾ ਹੈ। ਉਮੀਦ ਹੈ ਪੀਐਮ ਹੁਣ ਤੋਂ ਅਜਿਹਾ ਨਹੀਂ ਕਰਨਗੇ। ਇਸ ਬਾਰੇ ਸਰਕਾਰ ਨੂੰ ਇੱਕ ਪੱਤਰ ਭੇਜਿਆ ਗਿਆ ਹੈ।