ਪਵਨਪ੍ਰੀਤ ਕੌਰ ਦੀ ਰਿਪੋਰਟ
ਚੰਡੀਗੜ੍ਹ: ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਕਾਰਨ ਲੰਮੇ ਸਮੇਂ ਤੋਂ ਰੇਲਾਂ ਬੰਦ ਹਨ ਜਿਸ ਨਾਲ ਪੰਜਾਬ ਹੀ ਨਹੀਂ ਹਰਿਆਣਾ, ਜੰਮੂ-ਕਸ਼ਮੀਰ ਤੇ ਹਿਮਾਚਲ 'ਤੇ ਵੀ ਅਸਰ ਪਿਆ ਹੈ। ਖੇਤੀਬਾੜੀ ਕਾਨੂੰਨ ਦੇ ਵਿਰੋਧ 'ਚ ਪਿਛਲੇ 22 ਦਿਨਾਂ ਤੋਂ ਰਾਜਪੁਰਾ ਪੰਜਾਬ ਪ੍ਰਵੇਸ਼ ਦੁਵਾਰ ਸ਼ੰਭੂ ਰੇਲਵੇ ਲਾਈਨ 'ਤੇ 31 ਕਿਸਾਨ ਜਥੇਬੰਦੀਆਂ ਵੱਲੋਂ ਅੱਜ ਧਰਨਾ ਚੁੱਕਿਆ ਜਾ ਰਿਹਾ ਹੈ। ਇਸ ਕਰਕੇ ਹੁਣ ਜਲਦ ਹੀ ਪੰਜਾਬ 'ਚ ਮਾਲ ਗੱਡੀਆਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ। ਨਾਰਥਰਨ ਰੇਲਵੇ ਨੇ ਟ੍ਰੇਨਾਂ ਚਲਾਉਣ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਮਾਲ ਗੱਡੀਆਂ ਲਈ ਰੇਲਵੇ ਵੱਲੋਂ ਇੰਸਪੈਕਸ਼ਨ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਪੈਸੇਂਜਰ ਟ੍ਰੇਨਾਂ ਨਹੀਂ ਚੱਲਣਗੀਆਂ। ਪੰਜਾਬ ਦੇ ਥਰਮਲ ਪਲਾਟਾਂ 'ਤੇ ਰੇਲ ਗੱਡੀਆਂ ਬੰਦ ਹੋਣ ਨਾਲ ਕੋਲੇ ਦੀ ਕਮੀ ਹੋਣ ਕਰਕੇ ਕਈ ਦਿਹਾਤੀ ਇਲਾਕਿਆਂ 'ਚ ਬਿਜਲੀ ਦੇ ਕੱਟ ਲੱਗਣੇ ਸ਼ੁਰੂ ਹੋ ਗਏ ਸੀ। ਕਿਸਾਨ ਜਥੇਬੰਦੀਆਂ ਨੇ ਅੱਜ ਫੈਸਲਾ ਲਿਆ ਹੈ ਕਿ 5 ਨਵੰਬਰ ਤੱਕ ਕੋਲੇ ਦੀਆਂ ਰੇਲ ਗੱਡੀਆਂ ਤੇ ਖਾਦ ਦੀਆਂ ਗੱਡੀਆਂ ਨੂੰ ਪੰਜਾਬ 'ਚ ਪ੍ਰਵਾਨਗੀ ਦਿੱਤੀ ਜਾਵੇਗੀ ਤੇ ਸਵਾਰੀਆ ਵਾਲੀਆਂ ਗੱਡੀ ਨਹੀਂ ਆਉਣ ਦਿੱਤੀਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਰਿਲਾਇੰਸ ਪੰਪ ਤੇ ਹੋਰ ਥਾਵਾਂ 'ਤੇ ਧਰਨੇ ਲਗਾਤਾਰ ਜਾਰੀ ਰਹਿਣਗੇ ਤੇ ਭਾਜਪਾ ਆਗੂਆਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਬਿਆਨ ਦਾ ਜਿਕਰ ਕਰਦੇ ਕਿਹਾ ਕਿ ਉਹ ਕਹਿ ਰਹੇ ਹਨ ਕਿ ਪੰਜਾਬ ਸਰਕਾਰ ਨੇ ਕਣਕ ਤੇ ਝੋਨੇ ਦੀ ਗੱਲ ਕੀਤੀ ਹੈ, ਆਗੂਆਂ ਨੇ ਕੇਜਰੀਵਾਲ ਨੂੰ ਕਿਹਾ 2022 ਦੀਆਂ ਅਸੈਂਬਲੀ ਚੋਣਾਂ ਦੌਰਾਨ 22 ਫਸਲਾਂ ਬਾਰੇ ਮੈਨੀਫੈਸਟੋ ਲੈ ਕੇ ਆਉਣ ਕਿ ਜੇ ਪੰਜਾਬ ਵਿੱਚ ਉਨ੍ਹਾਂ ਦੀ ਸਰਕਾਰ ਬਣੀ ਤਾਂ ਉਹ ਅਜਿਹਾ ਕੰਮ ਸਾਰੀਆਂ ਫਸਲਾਂ ਲਈ ਕਰਨਗੇ।
ਉਧਰ, ਬਠਿੰਡਾ ਵਿਖੇ 1 ਅਕਤੂਬਰ ਤੋਂ ਕਿਸਾਨਾਂ ਵਲੋਂ ਰੇਲਵੇ ਲਾਇਨਾਂ 'ਤੇ ਲਾਇਆ ਧਰਨਾ ਚੁੱਕਿਆ ਗਿਆ। ਕਿਸਾਨਾਂ ਨੇ ਕਿਹਾ ਸਿਰਫ਼ ਰੇਲ ਲਾਈਨਾਂ 'ਤੇ ਧਰਨੇ ਚੁੱਕੇ ਹਨ ਪਰ ਧਰਨਾ ਸਾਈਡਾਂ ਉਪਰ ਹਾਲੇ ਵੀ ਜਾਰੀ ਹੈ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦੇ ਧਰਨੇ ਉਦੋਂ ਤੱਕ ਜਾਰੀ ਰਹਿਣਗੇ ਜਦੋਂ ਤਕ ਪੰਜਾਬ ਸਰਕਾਰ ਵਲੋਂ ਪਾਸ ਕੀਤੇ ਗਏ ਬਿੱਲ ਨੂੰ ਰਾਸ਼ਟਰਪਤੀ ਪਾਸ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਰਾਸ਼ਟਰਪਤੀ ਇਨ੍ਹਾਂ ਮਤਿਆਂ ਨੂੰ ਪਾਸ ਕਰਨਗੇ ਕਿਉਂਕਿ ਉਹ ਤਾਂ ਪਹਿਲਾਂ ਹੀ ਸਾਡੇ ਵਿਰੁੱਧ ਕਾਨੂੰਨ ਲੈ ਕੇ ਆਏ ਹਨ।
ਕਿਸਾਨਾਂ ਨੇ ਕਿਹਾ ਸਿਰਫ਼ ਮਾਲ ਗੱਡੀਆਂ ਨੂੰ ਆਉਣ ਦੀ ਆਗਿਆ ਦਿੱਤੀ ਗਈ ਹੈ। ਇਹ ਵੀ ਸਿਰਫ਼ 4 ਨਵੰਬਰ ਤਕ। ਉਸ ਤੋਂ ਬਾਅਦ ਅਸੀਂ ਫਿਰ ਰੇਲ ਲਾਈਨਾਂ 'ਤੇ ਆਵਾਂਗੇ ਜੇਕਰ ਸਾਡੇ ਹੱਕ ਦੇਣ ਵਿੱਚ ਕੋਈ ਫ਼ੈਸਲਾ ਨਾ ਆਇਆ ਤਾਂ। ਦੂਜੇ ਪਾਸੇ ਸਟੇਸ਼ਨ ਮਾਸਟਰ ਪ੍ਰਦੀਪ ਸ਼ਰਮਾ ਨੇ ਕਿਹਾ ਕਿ ਸਾਡੇ ਕੋਲ ਹਾਲੇ ਕੁਝ ਵੀ ਲਿਖਤ ਨਹੀਂ ਆਇਆ ਨਾ ਹੀ ਬਠਿੰਡਾ ਪ੍ਰਸ਼ਾਸ਼ਨ ਵਲੋਂ ਨਾ ਹੀ ਕਿਸਾਨਾਂ ਵਲੋਂ ਜੇਕਰ ਕੋਈ ਲਿਖਤ ਪੱਤਰ ਆਉਂਦਾ ਹੈ ਉਸ ਤੋਂ ਬਾਅਦ ਸਾਡੇ ਦੋ ਘੰਟੇ ਲੱਗਣਗੇ ਰੇਲ ਲਾਈਨਾਂ ਦੀ ਜਾਂਚ ਕਰਨ ਲਈ। ਉਸ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।