ਗੁਰਦਾਸਪੁਰ: ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਤੋਂ ਬਾਅਦ ਹੁਣ ਕਿਸਾਨ ਬਿਜਲੀ ਸੋਧ ਕਾਨੂੰਨ ਦੇ ਵਿਰੋਧ 'ਚ ਡਟ ਗਏ ਹਨ। ਕਿਸਾਨ ਮਜ਼ਦੂਰ ਯੂਨੀਅਨ ਮਾਝਾ ਦੇ ਆਗੂਆਂ ਨੇ ਬਟਾਲਾ ਵਿੱਚ ਕੀਤੀ ਵਿਸ਼ੇਸ਼ ਮੀਟਿੰਗ 'ਚ ਐਲਾਨ ਕੀਤਾ ਕਿ ਕੇਂਦਰ ਸਰਕਾਰ ਦੇ ਬਿਜਲੀ ਸੋਧ ਕਾਨੂੰਨ ਦਾ ਵਿਰੋਧ ਕੀਤਾ ਜਾਵੇਗਾ। ਸੰਯੁਕਤ ਕਿਸਾਨ ਮੋਰਚਾ ਦੀ ਕਾਲ ਉੱਪਰ 26 ਜੂਨ ਨੂੰ ਵੱਡੀ ਗਿਣਤੀ ਕਿਸਾਨਾਂ ਦੇ ਇਕੱਠ ਨਾਲ ਪੰਜਾਬ ਰਾਜ ਭਵਨ ਦਾ ਘਿਰਾਓ ਕੀਤਾ ਜਾਵੇਗਾ।


 


ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦੇ ਦਿੱਤੇ ਹਰ ਪ੍ਰੋਗਰਾਮ ਤਹਿਤ ਸੰਘਰਸ਼ ਜਾਰੀ ਰਹੇਗਾ। ਬਟਾਲਾ ਦੇ ਨੇੜਲੇ ਪਿੰਡ ਹਰਦੋਝੰਡੇ ਵਿਖੇ ਕਿਸਾਨ ਮਜ਼ਦੂਰ ਯੂਨੀਅਨ ਮਾਝਾ ਦੇ ਪ੍ਰਧਾਨ ਗੁਰਮੁਖ ਸਿੰਘ ਬਾਜਵਾ ਦੀ ਅਗਵਾਈ ਹੇਠ ਯੂਨੀਅਨ ਦੇ ਆਗੂਆਂ ਦੀ ਵਿਸ਼ੇਸ ਮੀਟਿੰਗ ਹੋਈ। ਇਸ ਵਿੱਚ ਦਿੱਲੀ ਵਿੱਚ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਵਿਚਾਰ ਵਿਟਾਂਦਰਾ ਕੀਤਾ ਗਿਆ।


 


ਇਸ ਦੌਰਾਨ ਕਿਸਾਨ ਮਜ਼ਦੂਰ ਯੂਨੀਅਨ ਮਾਝਾ ਦੇ ਅਹੁਦੇਦਾਰਾਂ ਗੁਰਮੁਖ ਸਿੰਘ ਬਾਜਵਾ ਤੇ ਜਨਰਲ ਸਕੱਤਰ ਸੁਖਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰ ਵੱਲੋਂ ਬਣਾਏ ਗਏ ਨਵੇਂ ਇਲੈਕਟ੍ਰੀਸਿਟੀ ਕਾਨੂੰਨ ਦਾ ਉਹ ਡਟ ਕੇ ਵਿਰੋਧ ਕਰਨਗੇ। ਇਸ ਦੇ ਨਾਲ ਹੀ ਮੁਖ ਤੌਰ 'ਤੇ 26 ਜੂਨ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਕਾਲ 'ਤੇ ਰਾਜਪਾਲ ਭਵਨ ਚੰਡੀਗੜ੍ਹ ਦਾ ਵੱਡੀ ਗਿਣਤੀ 'ਚ ਕਿਸਾਨਾਂ ਵਲੋਂ ਘਿਰਾਓ ਕੀਤਾ ਜਾਵੇਗਾ।


 


ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੇ 7 ਮਹੀਨੇ 'ਤੇ ਮੋਦੀ ਸਰਕਾਰ ਦੇ 7 ਸਾਲ ਪੂਰੇ ਹੋਣ ਦੇ ਚੱਲਦੇ ਸੰਯੁਕਤ ਕਿਸਾਨ ਮੋਰਚਾ ਵਲੋਂ ਦੇਸ਼ ਭਰ ਦੇ ਰਾਜਪਾਲਾਂ ਦੀਆਂ ਰਿਹਾਇਸ਼ਾਂ ਦੇ ਸਾਹਮਣੇ ਵੱਡੇ ਇਕੱਠ ਕਰ ਧਰਨਾ ਦਿੱਤਾ ਜਾਵੇਗਾ ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਮੰਗ ਪੱਤਰ ਰਾਜਪਾਲ ਰਾਹੀਂ ਰਾਸ਼ਟਰਪਤੀ ਨੂੰ ਦਿੱਤਾ ਜਾਵੇਗਾ। ਬਟਾਲਾ ਚ ਕੀਤੀ ਮੀਟਿੰਗ 'ਚ ਕਿਸਾਨਾਂ ਨੇ ਕਿਹਾ ਕਿ ਉਹ 26 ਜੂਨ ਨੂੰ ਚੰਡੀਗੜ੍ਹ ਕੂਚ ਕਰਨ ਦੀ ਵਿਆਉਂਤ ਤਿਆਰ ਕਰ ਰਹੇ ਹਨ ਤੇ ਵੱਡੇ ਕਾਫਲੇ ਲੈ ਕੇ ਉੱਥੇ ਧਰਨੇ 'ਚ ਸ਼ਾਮਲ ਹੋਣਗੇ।