ਕਰਨਾਲ: ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਖੁੱਲ੍ਹਵਾਉਣ ਤੇ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਗੁਰਦਾਸਪੁਰ ਦੇ ਪਿੰਡ ਬਿਡਹਾ ਤੇਜਾ ਦਾ ਵਸਨੀਕ ਰਣਜੀਤ ਸਿੰਘ ਤੇ ਗੁਰਭੇਜ ਸਿੰਘ ਨੇ ਡੇਰਾ ਬਾਬਾ ਨਾਨਕ ਕੋਰੀਡੋਰ ਤੋਂ ਲਗਪਗ 500 ਕਿਲੋਮੀਟਰ ਦੀ ਪੈਦਲ, ਦੌੜ ਤੇ ਸਾਈਕਲ ਯਾਤਰਾ ਸ਼ੁਰੂ ਕੀਤੀ ਹੈ। ਯਾਤਰਾ ਦੌਰਾਨ ਰਣਜੀਤ ਸਿੰਘ ਦੌੜਦਿਆਂ ਆਪਣੇ 6 ਮੈਂਬਰੀ ਜਥੇ ਨਾਲ ਕਰਨਾਲ ਪਹੁੰਚੇ।


 


ਰਣਜੀਤ ਸਿੰਘ ਅਤੇ ਗੁਰਭੇਜ ਸਿੰਘ ਦੇ ਜੋਸ਼ ਤੇ ਜਜ਼ਬੇ ਨੂੰ ਵੇਖਦਿਆਂ ਕਿਸਾਨੀ ਲਹਿਰ ਦੀ ਮਜ਼ਬੂਤੀ ਪ੍ਰਤੀਤ ਹੁੰਦੀ ਹੈ। ਉਨ੍ਹਾਂ ਦੇ ਜਥੇ ਵਿੱਚ ਸ਼ਾਮਲ ਉਨ੍ਹਾਂ ਦੇ ਸਾਥੀ ਕਹਿੰਦੇ ਹਨ ਕਿ ਭਾਵੇਂ ਰਣਜੀਤ ਸਿੰਘ ਕੋਲ ਜ਼ਮੀਨ ਨਹੀਂ ਪਰ ਉਨ੍ਹਾਂ ਕੋਲ ਜ਼ਮੀਰ ਹੈ। ਸਾਰੇ ਪਿੰਡ ਦੇ ਸਹਿਯੋਗ ਨਾਲ, ਉਨ੍ਹਾਂ ਨੇ ਦੋ ਇਸ ਯਾਤਰਾ ਦੀ ਸ਼ੁਰੂਆਤ ਕੀਤੀ ਹੈ।


 


ਰਣਜੀਤ ਸਿੰਘ ਨੇ ਕਿਹਾ ਕਿ 4 ਅਪ੍ਰੈਲ ਨੂੰ ਉਨ੍ਹਾਂ ਨੇ ਡੇਰਾ ਬਾਬਾ ਨਾਨਕ ਕਰਤਾਰਪੁਰ ਕੋਰੀਡੋਰ ਤੋਂ ਪੈਦਲ ਯਾਤਰਾ ਸ਼ੁਰੂ ਕੀਤੀ ਤਾਂ ਜੋ ਕੇਂਦਰ ਸਰਕਾਰ ਕੋਰੀਡੋਰ ਖੋਲ੍ਹੇ ਤੇ ਸਿੱਖ ਸ਼ਰਧਾਲੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰ ਸਕਣ। ਉਨ੍ਹਾਂ ਕਿਹਾ ਕਿ 500 ਕਿਲੋਮੀਟਰ ਪੈਦਲ ਯਾਤਰਾ ਦਾ ਦੂਜਾ ਮੁੱਖ ਉਦੇਸ਼ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣਾ ਹੈ।ਉਨ੍ਹਾਂ ਕਿਹਾ ਕਿ ਕਾਨੂੰਨਾਂ ਨੂੰ ਰੱਦ ਕਰਾਉਣ ਲਈ, ਸਾਡੇ ਬਜ਼ੁਰਗ, ਬੱਚੇ ਤੇ ਮਾਵਾਂ ਠੰਡ ਦੇ ਸਮੇਂ ਵੀ ਸਾਰੇ ਮਿਲ ਕੇ ਸੰਘਰਸ਼ ਕਰਦੇ ਰਹੇ ਅਤੇ ਇਸ ਗਰਮੀ ਵਿੱਚ ਵੀ ਸਾਰੇ ਮਿਲ ਕੇ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਲਈ ਦਿੱਲੀ ਬਾਰਡਰ 'ਤੇ ਡਟੇ ਹਨ।


 


ਯਾਤਰਾ 'ਚ ਸ਼ਾਮਲ ਹੋਏ ਮਨਜੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕੋਰੋਨਾ ਦੀ ਆੜ 'ਚ ਲਾਂਘੇ ਦਾ ਰਸਤਾ ਬੰਦ ਕਰ ਦਿੱਤਾ ਹੈ ਜਿਸ ਨੂੰ ਖੋਲ੍ਹਿਆ ਜਾਣਾ ਚਾਹੀਦਾ ਹੈ ਅਤੇ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਤੇ ਮਜ਼ਦੂਰਾਂ ਦੀ ਪ੍ਰੀਖਿਆ ਲੈ ਰਹੀ ਹੈ। ਜਦ ਤੱਕ ਕਿਸਾਨ ਮਜ਼ਦੂਰ ਨਹੀਂ ਜਿੱਤੇਗਾ, ਉਹ ਲੜਦੇ ਰਹਿਣਗੇ ਕਿਉਂਕਿ ਇਹ ਜੱਬਰ ਅਤੇ ਸਬਰ ਦੀ ਲੜਾਈ ਹੈ। ਸਿੱਖ ਧਰਮ ਨੇ ਸਬਰ ਰੱਖਣਾ ਸਿਖਾਇਆ ਹੈ ਤੇ ਇਸ ਸਬਰ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਹੈ।