ਕਰਨਾਲ: ਹਜ਼ਾਰਾਂ ਕਿਸਾਨ ਦਿੱਲੀ ਸਰਹੱਦ ‘ਤੇ ਅੰਦੋਲਨ ਕਰ ਖੇਤੀਬਾੜੀ ਕਾਨੂੰਨ ਦਾ ਵਿਰੋਧ ਕਰ ਰਹੇ ਹਨ। ਉਥੇ ਹੀ ਹਰਿਆਣਾ ਵਿੱਚ ਵੀ ਕਈ ਜ਼ਿਲ੍ਹਿਆਂ ਵਿੱਚ ਪਿਛਲੇ ਕਈ ਦਿਨਾਂ ਤੋਂ ਕਿਸਾਨ ਟੋਲ ਪਲਾਜ਼ਾ ’ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਹਰਿਆਣਾ ਦੇ ਕਈ ਜ਼ਿਲ੍ਹਿਆਂ ਤੇ ਪਿੰਡਾਂ ਵਿੱਚ ਲੋਕਾਂ ਵੱਲੋਂ ਭਾਜਪਾ ਅਤੇ ਜੇਜੇਪੀ ਨੇਤਾਵਾਂ ਦੇ ਨੋ ਐਂਟਰੀ ਦੇ ਬੈਨਰ ਵੀ ਲਗਾਏ ਗਏ ਹਨ। ਇਸੇ ਦਰਮਿਆਨ ਕਿਸਾਨ ਕੱਲ੍ਹ ਕਰਨਾਲ ਦੇ ਪਿੰਡ ਕੈਮਲਾ ਵਿਖੇ ਮੁੱਖ ਮੰਤਰੀ ਮਨੋਹਰ ਲਾਲ ਦੀ ਕਿਸਾਨ ਮਹਾਂਪੰਚਾਇਤ ਰੈਲੀ ਦਾ ਵਿਰੋਧ ਕਰਨਗੇ।


ਪ੍ਰਸ਼ਾਸਨ ਵੀ ਕੱਲ੍ਹ ਦੀ ਰੈਲੀ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਚੌਕਸ ਹੈ। ਤਾਂ ਜੋ ਮੁੱਖ ਮੰਤਰੀ ਕਿਸਾਨ ਮਹਾਪੰਚਾਇਤ ਰੈਲੀ 'ਚ ਕਿਸੇ ਕਿਸਮ ਦੀ ਕੋਈ ਰੁਕਾਵਟ ਨਾ ਆਵੇ। ਇਸ ਦੇ ਚਲਦਿਆਂ ਅੱਜ ਜ਼ਿਲ੍ਹਾ ਸਕੱਤਰੇਤ ਵਿੱਚ ਜ਼ਿਲ੍ਹੇ ਦੇ ਕਿਸਾਨ ਆਗੂਆਂ ਅਤੇ ਡੀਸੀ ਐਸਪੀ ਨਾਲ ਕਿਸਾਨ ਮੀਟਿੰਗ ਕੀਤੀ ਗਈ। ਮੀਟਿੰਗ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਅਤੇ ਕਿਸਾਨਾਂ ਨੇ ਆਪਣੀਆਂ ਦਲੀਲਾਂ ਮੀਡੀਆ ਸਾਹਮਣੇ ਰੱਖੀਆਂ।


ਜ਼ਿਲ੍ਹਾ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਕਿਹਾ ਕਿ ਭਲਕੇ ਕੈਮਲਾ ਪਿੰਡ ਵਿੱਚ ਹੋਣ ਵਾਲੇ ਮੁੱਖ ਮੰਤਰੀ ਦੇ ਪ੍ਰੋਗਰਾਮ ਵਿੱਚ ਕਿਸਾਨਾਂ ਵਲੋਂ ਕੋਈ ਰੁਕਾਵਟ ਨਹੀਂ ਪਾਈ ਜਾਵੇਗੀ, ਜਿਸ ਬਾਰੇ ਅੱਜ ਕਿਸਾਨ ਆਗੂਆਂ ਨਾਲ ਵਿਚਾਰ ਵਟਾਂਦਰੇ ਕੀਤੇ ਗਏ। ਉਨ੍ਹਾਂ ਕਿਹਾ ਕਿ ਜਮਹੂਰੀ ਅਧਿਕਾਰਾਂ ਦੀ ਵਰਤੋਂ ਕਰਦੇ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ। ਹਰੇਕ ਨੂੰ ਬੋਲਣ ਦਾ ਅਧਿਕਾਰ ਹੈ। ਕਿਸਾਨਾਂ ਨੂੰ ਸਪੱਸ਼ਟ ਤੌਰ ‘ਤੇ ਕਿਹਾ ਗਿਆ ਹੈ ਕਿ ਜੇਕਰ ਕੋਈ ਮੁੱਖ ਮੰਤਰੀ ਦੇ ਪ੍ਰੋਗਰਾਮ 'ਚ ਰੁਕਾਵਟ ਪਾਉਂਦਾ ਹੈ ਤਾਂ ਉਸ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ। ਜੇ ਤੁਹਾਨੂੰ ਕਿਸੇ ਵੀ ਤਰੀਕੇ ਨਾਲ ਵਿਰੋਧ ਕਰਨਾ ਹੈ, ਤਾਂ ਤੁਸੀਂ ਸ਼ਾਂਤਮਈ  ਤਰੀਕੇ ਨਾਲ ਤੈਅ ਕੀਤੀ ਜਗ੍ਹਾ 'ਤੇ ਵਿਰੋਧ ਪ੍ਰਦਰਸ਼ਨ ਕੀਤਾ ਜਾ ਸਕਦਾ ਹੈ।


ਉਧਰ ਕਿਸਾਨਾਂ ਨੇ ਕਿਹਾ ਕਿ ਅਸੀਂ 6 ਜਨਵਰੀ ਨੂੰ ਐਲਾਨ ਕੀਤਾ ਸੀ ਕਿ 10 ਜਨਵਰੀ ਨੂੰ ਮੁੱਖ ਮੰਤਰੀ ਦੀ ਰੈਲੀ ਕੈਮਲਾ ਪਿੰਡ ਵਿੱਚ ਨਹੀਂ ਆਉਣ ਦਿੱਤੀ ਜਾਵੇਗੀ। ਪ੍ਰਸ਼ਾਸਨ ਨੇ ਕਿਹਾ ਕਿ ਰੈਲੀ ਨੂੰ ਕਿਸੇ ਵੀ ਸਥਿਤੀ ਵਿੱਚ ਰੱਦ ਨਹੀਂ ਕੀਤਾ ਜਾਵੇਗਾ। ਪਰ ਪ੍ਰਸ਼ਾਸਨ ਆਪਣਾ ਕੰਮ ਕਰੇਗਾ। ਕਿਸਾਨ ਆਪਣਾ ਕੰਮ ਕਰਨਗੇ। ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਸਵੇਰੇ 8 ਵਜੇ ਇਕੱਠੇ ਹੋ ਕੇ ਕੈਮਲਾ ਪਿੰਡ ਵੱਲ ਜਾਣਗੇ ਅਤੇ ਮੁੱਖ ਮੰਤਰੀ ਦੇ ਪ੍ਰੋਗਰਾਮ ਦਾ ਵਿਰੋਧ ਕਰਨਗੇ। ਉਨ੍ਹਾਂ ਕਿਹਾ ਅਸੀਂ ਸ਼ਾਂਤਮਈ ਢੰਗ ਨਾਲ ਵਿਰੋਧ ਕਰਾਂਗੇ। ਕਿਸੇ ਵੀ ਸਥਿਤੀ 'ਚ ਮਾਹੌਲ ਨੂੰ ਖ਼ਰਾਬ ਨਹੀਂ ਹੋਣ ਦਿੱਤਾ ਜਾਵੇਗਾ।