ਚੰਡੀਗੜ੍ਹ: ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੂੰ ਪੰਜਾਬ ਵਿੱਚ ਵੱਡਾ ਝਟਕਾ ਲੱਗਾ ਹੈ। ਖੇਤੀ ਕਾਨੂੰਨਾਂ ਖਿਲਾਫ ਡਟੀਆਂ ਕਿਸਾਨ ਯੂਨੀਅਨਾਂ ਨੇ ਪੰਜਾਬ ਵਿੱਚ ਅਕਸ਼ੈ ਕੁਮਾਰ ਦੀ ਫ਼ਿਲਮ ‘ਸੂਰਿਆਵੰਸ਼ੀ’ ਬੰਦ ਕਰਵਾ ਦਿੱਤੀ ਹੈ। ਪੰਜਾਬ ਵਿੱਚੋਂ ਅਕਸ਼ੈ ਦੀਆਂ ਫਿਲਮਾਂ ਨੂੰ ਵੱਡਾ ਹੁੰਗਾਰਾ ਮਿਲਦਾ ਸੀ ਪਰ ਕਿਸਾਨ ਅੰਦੋਲਨ ਦੇ ਮੁੱਦੇ ਉੱਪਰ ਕੇਂਦਰ ਸਰਕਾਰ ਦੇ ਹੱਕ ਵਿੱਚ ਖੜ੍ਹਨ ਕਰਕੇ ਕਈ ਲੋਕ ਅਦਾਕਾਰ ਖਿਲਾਫ ਡਟ ਗਏ ਹਨ।
ਪੰਜਾਬ ਵਿੱਚ ਕਈ ਥਾਵਾਂ ਉੱਪਰ ਅਕਸ਼ੈ ਕੁਮਾਰ ਦੀ ਫ਼ਿਲਮ ‘ਸੂਰਿਆਵੰਸ਼ੀ’ ਬੰਦ ਕਰਵਾ ਦਿੱਤੀ ਹੈ। ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਅੱਗੋਂ ਵੀ ਅਕਸ਼ੈ ਦੀ ਕੋਈ ਫਿਲਮ ਪੰਜਾਬ ਵਿੱਚ ਨਹੀਂ ਚੱਲ਼ਣ ਦਿੱਤੀ ਜਾਵੇਗੀ। ਕਿਸਾਨਾਂ ਵੱਲੋਂ ਸਿਨੇਮਿਆਂ ਵਿੱਚ ਫ਼ਿਲਮ ਬੰਦ ਕਰਵਾ ਕੇ ਪੋਸਟਰ ਪਾੜੇ ਜਾ ਰਹੇ ਹਨ। ਇਸ ਲਈ ਬਹੁਤੇ ਸਿਨਮਾਂ ਮਾਲਕ ਅਕਸ਼ੈ ਦੀ ਫਿਲਮ ਲਾਉਣ ਤੋਂ ਵੀ ਟਾਲਾ ਵੱਟ ਰਹੇ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਅਦਾਕਾਰ ਸੰਨੀ ਦਿਓਲ, ਅਕਸ਼ੈ ਕੁਮਾਰ ਤੇ ਕੰਗਨਾ ਰਣੌਤ ਖੇਤੀ ਕਾਨੂੰਨਾਂ ਦੀ ਹਮਾਇਤ ਕਰਦੇ ਹਨ। ਇਨ੍ਹਾਂ ਨੇ ਕਦੇ ਵੀ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਨਹੀਂ ਕੀਤੀ, ਜਿਸ ਕਰਕੇ ਕਿਸਾਨਾਂ ਦਾ ਫ਼ੈਸਲਾ ਹੈ ਕਿ ਉਹ ਇਨ੍ਹਾਂ ਅਦਾਕਾਰਾਂ ਦੀਆਂ ਫਿਲਮਾਂ ਸੂਬੇ ਦੇ ਸਿਨੇਮਾ ਘਰਾਂ ’ਚ ਨਹੀਂ ਚੱਲਣ ਦੇਣਗੇ।
ਕਿਸਾਨ ਲੀਡਰਾਂ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ, ਉਦੋਂ ਤੱਕ ਕਿਸਾਨ ਮੋਰਚੇ ਵੱਲੋਂ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਖੜ੍ਹਨ ਵਾਲੇ ਅਦਾਕਾਰਾਂ ਦਾ ਵਿਰੋਧ ਜਾਰੀ ਰਹੇਗਾ। ਇਨ੍ਹਾਂ ਦੀਆਂ ਆਉਣ ਵਾਲੀਆਂ ਫਿਲਮਾਂ ਦਾ ਵੀ ਡੱਟਵਾਂ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਜਿਹੜਾ ਵੀ ਸਿਆਸੀ ਆਗੂ ਜਾਂ ਕੋਈ ਹੋਰ ਕਿਸਾਨ ਅੰਦੋਲਨ ਜਾਂ ਕਿਸਾਨਾਂ ਖ਼ਿਲਾਫ਼ ਬੋਲੇਗਾ, ਉਸ ਦਾ ਵਿਰੋਧ ਕੀਤਾ ਜਾਵੇਗਾ।
ਕਿਸਾਨਾਂ ਨੇ ਅਕਸ਼ੈ ਕੁਮਾਰ ਉੱਤੇ ਦੋਸ਼ ਲਾਇਆ ਕਿ ਜਦੋਂ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੀ ਦੁਨੀਆ ਭਰ ਵਿੱਚ ਸ਼ਲਾਘਾ ਹੋ ਰਹੀ ਸੀ ਤਾਂ ਉਦੋਂ ਅਦਾਕਾਰ ਨੇ ਕਿਸਾਨ ਅੰਦੋਲਨ ਦਾ ਵਿਰੋਧ ਕੀਤਾ ਸੀ। ਇਸ ਲਈ ਕਿਸਾਨਾਂ ਵੱਲੋਂ ਉਸ ਦੀ ਫ਼ਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨਾਂ ਨੇ ਆਖਿਆ ਕਿ ਅਕਸ਼ੈ ਦੀਆਂ ਫ਼ਿਲਮਾਂ ਦਾ ਵਿਰੋਧ ਅੱਗੋਂ ਵੀ ਜਾਰੀ ਰਹੇਗਾ। ਜੇਕਰ ਫਿਰ ਵੀ ਸਿਨੇਮਾ ਅਧਿਕਾਰੀ ਇਸ ਦੀਆਂ ਫ਼ਿਲਮਾਂ ਚਲਾਉਂਦੇ ਹਨ ਤਾਂ ਉਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਤੇ ਸਿਨੇਮਾ ਅਧਿਕਾਰੀਆਂ ਦੀ ਖੁਦ ਹੋਵੇਗੀ।