ਚੰਡੀਗੜ੍ਹ: ਪੰਜਾਬ ਵਿੱਚ ਲੰਬੇ ਬਿਜਲੀ ਕੱਟਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਅੱਜ ਸੂਬੇ ਵਿੱਚ ਕਈ ਥਾਵਾਂ ਉੱਪਰ ਕਿਸਾਨਾਂ ਨੇ ਸੜਕਾਂ ਉੱਪਰ ਧਰਨੇ ਲਾਏ। ਕਈ ਥਾਂਵਾਂ ਉੱਪਰ ਜਾਮ ਲੱਗਣ ਕਾਰਨ ਸੜਕਾਂ ਉੱਤੇ ਗੱਡੀਆਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਕਿਸਨਾਂ ਨੇ ਕਿਹਾ ਕਿ ਹੁਣ ਝੋਨੇ ਦੀ ਫਸਲ ਸਿਖਰ ਉੱਤੇ ਪਹੁੰਚ ਗਈ ਹੈ। ਅਜਿਹੇ ਮੌਕੇ ਬਿਜਲੀ ਕੱਟ ਲਾਉਣ ਨਾਲ ਕਿਸਾਨਾਂ ਦਾ ਨੁਕਸਾਨ ਹੋਵੇਗਾ।



ਦੂਜੇ ਪਾਸੇ ਬਿਜਲੀ ਮਹਿਕਮੇ ਦਾ ਕਹਿਣਾ ਹੈ ਕਿ ਕੋਲੇ ਦੀ ਘਾਟ ਕਾਰਨ ਪੂਰੇ ਦੇਸ਼ ਵਿੱਚ ਬਿਜਲੀ ਸੰਕਟ ਹੈ। ਇਸ ਕਰਕੇ ਕੁਝ ਕੱਟ ਲਾਏ ਜਾ ਰਹੇ ਹਨ ਪਰ ਜਲਦ ਹੀ ਹਾਲਾਤ ਸੁਧਰ ਜਾਣਗੇ। ਅੱਜ ਜਲੰਧਰ ਵਿੱਚ ਕਿਸਾਨਾਂ ਨੇ ਨੈਸ਼ਨਲ ਹਾਈਵੇਅ ਉਤੇ ਧਰਨਾ ਲਾ ਦਿੱਤਾ। ਕਿਸਾਨ ਦਰੀਆਂ ਵਿਛਾ ਕੇ ਨੈਸ਼ਨਲ ਹਾਈਵੇਅ ਉੱਤੇ ਬੈਠ ਗਏ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਬਿਜਲੀ ਕੱਟਾਂ ਲਈ ਪੰਜਾਬ ਤੇ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ।

ਇਸ ਬਾਰੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦਾ ਕਹਿਣਾ ਹੈ ਕਿ ਹੁਣ ਝੋਨੇ ਦੀ ਫਸਲ ਸਿਖਰ ਉੱਤੇ ਪਹੁੰਚ ਗਈ ਹੈ ਤਾਂ ਅਜਿਹੇ ਮੌਕੇ ਬਿਜਲੀ ਕੱਟ ਲਗਾਉਣ ਨਾਲ ਕਿਸਾਨਾਂ ਦਾ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਝੋਨੇ ਦੀਆਂ ਕਈ ਕਿਸਮਾਂ ਲੇਟ ਪੱਕਦੀਆਂ ਹਨ। ਉਨ੍ਹਾਂ ਲਈ ਪਾਣੀ ਦੀ ਲੋੜ ਹੁੰਦੀ ਹੈ। ਰਾਜੇਵਾਲ ਨੇ ਕਿਹਾ ਕਿ ਧਰਨਿਆਂ ਕਾਰਨ ਬੇਸ਼ੱਕ ਲੋਕ ਪ੍ਰੇਸ਼ਾਨ ਹੁੰਦੇ ਹਨ ਤੇ ਇਸ ਦਾ ਦੁੱਖ ਹੈ ਪਰ ਸਰਕਾਰਾਂ ਵੀ ਕਿਸਾਨਾਂ ਦੀ ਕੋਈ ਗੱਲ ਨਹੀਂ ਸੁਣ ਰਹੀਆਂ ਜਿਸ ਕਰ ਕੇ ਮਜਬੂਰਨ ਅਜਿਹੇ ਕਦਮ ਚੁੱਕਣੇ ਪੈ ਰਹੇ ਹਨ।

ਮੋਗਾ ਵਿੱਚ ਵੀ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਜ਼ਿਲ੍ਹੇ ਦੇ ਐਕਸੀਅਨ ਦਫਤਰ ਬਾਹਰ ਬਿਜਲੀ ਦੀ ਸਪਲਾਈ 8 ਤੋਂ 10 ਘੰਟੇ ਲਗਾਤਾਰ ਦੇਣ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਅੱਜ ਮੋਗਾ ਦੇ ਐਕਸੀਅਨ ਦਫਤਰ ਬਾਹਰ ਕਿਰਤੀ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕਰ ਬਿਜਲੀ ਵਿਭਾਗ ਦੇ ਸੁਪਰਡੈਂਟ ਨੂੰ ਮੈਮੋਰੰਡਮ ਦਿੱਤਾ ਗਿਆ।




ਕਿਸਾਨਾਂ ਨੇ ਦੱਸਿਆ ਕਿ ਅੱਜ ਅਸੀਂ ਕਿਰਤੀ ਕਿਸਾਨ ਯੂਨੀਅਨ ਤੇ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਐਕਸੀਅਨ ਦਫਤਰ ਬਾਹਰ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹਮੇਸ਼ਾ ਸਾਨੂੰ ਲਾਰੇ ਲਾ ਦਿੱਤੇ ਜਾਂਦੇ ਹਨ ਪਰ ਇਸ ਵਾਰ ਜੇਕਰ ਸਾਨੂੰ ਨਿਰਵਿਘਨ ਬਿਜਲੀ ਨਾ ਮਿਲੀ ਤਾਂ ਸੂਬੇ ਭਰ ਵਿੱਚ ਰੋਡ ਜਾਮ ਕਰਾਂਗੇ। ਉਨ੍ਹਾਂ ਕਿਹਾ ਕਿ ਪਹਿਲਾਂ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ ਤੇ ਹੁਣ ਪੰਜਾਬ ਸਰਕਾਰ ਬਿਜਲੀ ਨਾ ਦੇ ਕੇ ਕਿਸਾਨਾਂ ਦਾ ਇਮਤਿਹਾਨ ਲੈ ਰਹੀ ਹੈ।