ਪਾਨੀਪਤ: ਇੱਕ ਪਾਸੇ ਕਿਸਾਨ ਤਿੰਨ ਖੇਤੀਬਾੜੀ ਕਾਨੂੰਨਾਂ ਦੀ ਵਾਪਸੀ ਦੀ ਮੰਗ ਨੂੰ ਲੈ ਕੇ ਦਿੱਲੀ ਦੀ ਸਰਹੱਦ 'ਤੇ ਬੈਠੇ ਹਨ, ਦੂਜੇ ਪਾਸੇ ਕਿਸਾਨ ਹਰ ਰੋਜ਼ ਪੇਂਡੂ ਖੇਤਰਾਂ ਵਿੱਚ ਭਾਜਪਾ ਨੇਤਾਵਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ। ਜਿੱਥੇ ਵੀ ਕਿਸਾਨਾਂ ਨੂੰ ਇਹ ਜਾਣਕਾਰੀ ਮਿਲਦੀ ਹੈ ਕਿ ਭਾਜਪਾ ਆਗੂ ਉੱਥੇ ਆ ਰਹੇ ਹਨ, ਕਿਸਾਨ ਵਿਰੋਧ ਕਰਨ ਲਈ ਪਹੁੰਚ ਜਾਂਦੇ ਹਨ। ਅੱਜ, ਪਾਨੀਪਤ ਦੇ ਪਿੰਡ ਬ੍ਰਾਹਮਣ ਮਾਜਰਾ 'ਚ ਵਿਧਾਇਕ ਪ੍ਰਮੋਦ ਤੇ ਵਿਧਾਇਕ ਰਾਮਕੁਮਾਰ ਕਸ਼ਯਪ ਇੱਕ ਫੈਕਟਰੀ ਦਾ ਉਦਘਾਟਨ ਕਰਨ ਲਈ ਆਉਣ ਵਾਲੇ ਸੀ।



ਜਿਵੇਂ ਹੀ ਕਿਸਾਨਾਂ ਨੂੰ ਵਿਧਾਇਕਾਂ ਦੇ ਇਸ ਪ੍ਰੋਗਰਾਮ ਬਾਰੇ ਜਾਣਕਾਰੀ ਮਿਲੀ, ਕਿਸਾਨ ਵੱਡੀ ਗਿਣਤੀ ਵਿੱਚ ਇਕੱਠੇ ਹੋ ਗਏ ਤੇ ਫੈਕਟਰੀ ਦੇ ਬਾਹਰ ਪਹੁੰਚ ਕੇ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਜਿਵੇਂ ਹੀ ਵਿਧਾਇਕਾਂ ਨੂੰ ਉੱਥੇ ਕਿਸਾਨਾਂ ਦੀ ਮੌਜੂਦਗੀ ਦਾ ਪਤਾ ਲੱਗਾ ਤਾਂ ਵਿਧਾਇਕਾਂ ਨੇ ਆਪਣਾ ਉੱਥੇ ਆਉਣ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ।

ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜਾਂ ਤਾਂ ਮੌਜੂਦਾ ਸਰਕਾਰ ਦੇ ਨੇਤਾ ਆਪਣੇ ਸਮਾਜਿਕ ਪ੍ਰੋਗਰਾਮਾਂ ਨੂੰ ਕਰਨਾ ਬੰਦ ਕਰ ਦੇਣ ਨਹੀਂ ਤਾਂ ਉਹ ਪਾਨੀਪਤ 'ਚ ਵੀ ਬੀਜੇਪੀ ਲੀਡਰਾਂ ਦਾ ਉਹੀ ਹਾਲ ਕਰਨਗੇ ਜੋ ਪੰਜਾਬ ਦੇ ਭਾਜਪਾ ਵਿਧਾਇਕ ਨਾਲ ਹੋਇਆ ਸੀ।

ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਧੀਰ ਜਾਖੜ ਨੇ ਕਿਹਾ ਕਿ ਸਰਕਾਰ ਦੇ ਨੇਤਾ ਜਾਣਬੁੱਝ ਕੇ ਉਨ੍ਹਾਂ ਦੇ ਜ਼ਖਮਾਂ 'ਤੇ ਲੂਣ ਛਿੜਕ ਰਹੇ ਹਨ ਤੇ ਜਾਣਬੁੱਝ ਕੇ ਸਮਾਜਕ ਪ੍ਰੋਗਰਾਮ ਕਰ ਰਹੇ ਹਨ ਜਿਸ ਦਾ ਉਹ ਵਿਰੋਧ ਕਰਦੇ ਹਨ। ਆਉਣ ਵਾਲੇ ਸਮੇਂ ਵਿੱਚ ਵੀ ਉਹ ਮੌਜੂਦਾ ਸਰਕਾਰ ਦੇ ਨੇਤਾਵਾਂ ਦਾ ਕੋਈ ਪ੍ਰੋਗਰਾਮ ਆਪਣੇ ਜ਼ਿਲ੍ਹੇ ਵਿੱਚ ਨਹੀਂ ਹੋਣ ਦੇਣਗੇ। ਜੇ ਸਰਕਾਰ ਦੇ ਆਗੂ ਇਸ ਦੇ ਬਾਵਜੂਦ ਪ੍ਰੋਗਰਾਮ ਕਰਦੇ ਹਨ ਤਾਂ ਉਹ ਉਹੀ ਹਾਲ ਕਰਨਗੇ ਜੋ ਪੰਜਾਬ ਦੇ ਭਾਜਪਾ ਵਿਧਾਇਕ ਨਾਲ ਹੋਇਆ ਸੀ।

ਇਸ ਦੇ ਨਾਲ ਹੀ ਸੁਧੀਰ ਜਾਖੜ ਨੇ ਕਿਹਾ ਕਿ ਭਾਜਪਾ ਨੇਤਾ ਜਿਸ ਭਾਸ਼ਾ ਵਿੱਚ ਸਮਝਣਾ ਚਾਹੁੰਦੇ ਹਨ, ਉਹ ਉਸੇ 'ਚ ਸਮਝਾਉਣ ਲਈ ਤਿਆਰ ਹਨ। ਸੁਧੀਰ ਜਾਖੜ ਨੇ ਚੇਤਾਵਨੀ ਦਿੱਤੀ ਕਿ ਜਾਂ ਤਾਂ ਭਾਜਪਾ ਦੇ ਨੇਤਾ ਆਪਣੇ ਪ੍ਰੋਗਰਾਮ ਕਰਨਾ ਬੰਦ ਕਰ ਦੇਣ ਨਹੀਂ ਤਾਂ ਜੇ ਉਨ੍ਹਾਂ ਦੋਬਾਰਾ ਪਬਲਿਕ 'ਚ ਆਉਣਾ ਹੈ ਤਾਂ ਫਿਰ ਡਬਲ ਅੰਡਰਵੀਅਰ ਪਾ ਕੇ ਆਉਣ।