ਚੰਡੀਗੜ੍ਹ: ਪੰਜਾਬ ਦੇ ਕਿਸਾਨ ਹੱਕ ਲੈਣ ਲਈ ਦਿੱਲੀ ਪਹੁੰਚੇ ਹੋਏ ਹਨ। ਤੇ ਕੁਝ ਕਿਸਾਨ ਇਥੇ ਪੰਜਾਬ 'ਚ ਧਰਨੇ ਦੇ ਰਹੇ ਹਨ। ਇਸ ਦਰਮਿਆਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਵੀ ਕਿਸਾਨਾਂ ਵੱਲੋਂ ਪੱਕੇ-ਧਰਨਿਆਂ 'ਚ ਹੀ ਮਨਾਇਆ ਜਾਵੇਗਾ। ਪੰਜਾਬ ਦੀਆਂ 30 ਕਿਸਾਨ-ਜਥੇਬੰਦੀਆਂ ਦੇ ਪੰਜਾਬ 'ਚ ਸੰਘਰਸ਼ ਦੇ 2 ਮਹੀਨੇ ਪੂਰੇ ਹੋ ਗਏ ਹਨ।
ਪੰਜਾਬ ਤੋਂ ਕਾਫ਼ਲਿਆਂ ਦਾ ਦਿੱਲੀ ਜਾਣਾ ਜਾਰੀ ਹੈ। 60ਵੇਂ ਦਿਨ ਪੰਜਾਬ ਭਰ 'ਚ ਵੀ ਟੋਲ-ਪਲਾਜ਼ਿਆਂ, ਭਾਜਪਾ ਆਗੂਆਂ ਦੇ ਘਰਾਂ, ਅੰਬਾਨੀਆਂ ਦੇ ਰਿਲਾਇੰਸ ਪੰਪਾਂ ਅਤੇ ਸ਼ਾਪਿੰਗ-ਮਾਲਜ਼ ਸਾਹਮਣੇ ਵੀ ਕਰੀਬ 50 ਥਾਵਾਂ 'ਤੇ ਪੱਕੇ-ਧਰਨੇ ਜਾਰੀ ਰੱਖੇ ਗਏ। ਪੰਜਾਬ ਦੀਆਂ ਵੱਖ-ਵੱਖ ਥਾਵਾਂ 'ਤੇ ਚੱਲ ਰਹੇ ਸਾਂਝੇ ਕਿਸਾਨ ਮੋਰਚਿਆਂ 'ਚ ਬੈਠੇ ਕਿਸਾਨਾਂ ਦੀਆਂ ਨਜ਼ਰਾਂ ਦਿੱਲੀ-ਮੋਰਚੇ 'ਤੇ ਟਿਕੀਆਂ ਹੋਈਆਂ ਹਨ।
ਮੋਰਚਿਆਂ 'ਤੇ ਬੈਠੇ ਕਿਸਾਨ ਦਿੱਲੀ-ਮੋਰਚੇ ਨੂੰ ਸਫਲ ਬਣਾਉਣ ਲਈ ਵਿਉਂਤਬੰਦੀ ਕਰਦਿਆਂ ਪੰਜਾਬ ਤੋਂ ਹੋਰ ਟੀਮਾਂ ਭੇਜਣ ਦੀ ਤਿਆਰੀ ਕਰ ਰਹੇ ਹਨ। ਚੱਲ ਰਹੇ ਮੋਰਚਿਆਂ ਵਿੱਚ ਪ੍ਰਧਾਨਮੰਤਰੀ ਨਰੇਂਦਰ ਮੋਦੀ ਵੱਲੋਂ ਕੀਤੀ 'ਮਨ ਕੀ ਬਾਤ' ਖਿਲਾਫ ਗੁੱਸੇ ਦੀ ਲਹਿਰ ਫੈਲ ਗਈ ਹੈ। ਕਿਸਾਨ ਕਹਿ ਰਹੇ ਨੇ ਕਿ ਮੋਦੀ ਆਪਣੀ ਸੁਣਾਉਣਾ ਬੰਦ ਕਰਨ ਅਤੇ ਦਿੱਲੀ ਬੈਠੇ ਕਿਸਾਨਾਂ ਦੀ ਬਾਤ ਸੁਣਨ।