ਲੁਧਿਆਣਾ: ਹਾੜ੍ਹੀ ਦੀ ਫ਼ਸਲ ਆਉਣ ਵਾਲੀ ਹੈ। ਅਜਿਹੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਕਿਹਾ ਗਿਆ ਸੀ ਕਿ ਨੌਜਵਾਨ ਵਾਢੀ ਦੇ ਵਕਤ ਕਿਸਾਨਾਂ ਦੇ ਫ਼ਸਲ ਦੀ ਦੇਖਭਾਲ ਕਰਨ। ਇਸ ਤੋਂ ਬਾਅਦ ਪੰਜਾਬ ਦੇ ਅਲੱਗ-ਅਲੱਗ ਪਿੰਡਾਂ ਵਿੱਚ ਨੌਜਵਾਨਾਂ ਨੇ ਬੀੜਾ ਆਪਣੇ ਮੋਢਿਆਂ 'ਤੇ ਚੁੱਕ ਲਿਆ ਹੈ। ਉਹ ਟਰੈਕਟਰ, ਟਰਾਲੀਆਂ, ਕੰਬਾਈਨਾਂ ਤੇ ਹੋਰ ਜ਼ਰੂਰੀ ਔਜ਼ਾਰ ਲੈ ਕੇ ਪਿੰਡ-ਪਿੰਡ ਜਾ ਕੇ ਉਨ੍ਹਾਂ ਦੀ ਫਸਲ ਸੰਭਾਲਣ ਲਈ ਪੂਰਾ ਇੰਤਜ਼ਾਮ ਕਰ ਰਹੇ ਹਨ ਜੋ ਕਿਸਾਨ ਦਿੱਲੀ ਵਿੱਚ ਬੈਠੇ ਹਨ। ਵੱਖ-ਵੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਅਸੀਂ ਕਿਸਾਨ ਵੀਰਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ।
ਉਨ੍ਹਾਂ ਕਿਹਾ ਜਿਹੜੇ ਵੀਰ ਦਿੱਲੀ ਧਰਨੇ 'ਤੇ ਬੈਠੇ ਹਨ ਉਨ੍ਹਾਂ ਦੀਆਂ ਫਸਲਾਂ ਦੀ ਵਾਢੀ ਲਈ ਲੋੜੀਂਦੇ ਔਜ਼ਾਰ ਅਸੀਂ ਮੁਹੱਈਆ ਕਰਵਾਵਾਂਗੇ ਤੇ ਜੇ ਲੋੜ ਪਈ ਤਾਂ ਅਸੀਂ ਕਣਕਾਂ ਦੀ ਕਟਾਈ ਖੁਦ ਕਰਕੇ ਤੇ ਮੰਡੀਆਂ ਵਿੱਚ ਕਣਕ ਵੇਚ ਕੇ ਉਨ੍ਹਾਂ ਦੇ ਘਰ ਪੈਸੇ ਪਹੁੰਚਾਵਾਂਗੇ। ਇਸ ਦੇ ਨਾਲ ਹੀ ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਅਸੀਂ ਆਪਣੀਆਂ ਫ਼ਸਲਾਂ ਤੋਂ ਪਹਿਲਾਂ ਉਨ੍ਹਾਂ ਦੀਆਂ ਫਸਲਾਂ ਨੂੰ ਅਹਿਮੀਅਤ ਦਵਾਂਗੇ। ਨੌਜਵਾਨਾਂ ਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਰਕਾਰ ਇਹ ਨਾ ਸੋਚੇ ਕਿ ਦਿੱਲੀ ਦੇ ਧਰਨੇ 'ਤੇ ਟਰੈਕਟਰ ਟਰਾਲੀ ਹੋਣ ਕਾਰਨ ਸਾਡੇ ਕੋਲ ਟਰੈਕਟਰ ਤੇ ਟਰਾਲੀਆਂ ਘੱਟ ਪੈ ਜਾਣਗੀਆਂ, ਅਜਿਹਾ ਕੁਝ ਨਹੀਂ।
ਉਨ੍ਹਾਂ ਕਿਹਾ ਸਗੋਂ ਸਾਡੇ ਕੋਲ ਪਿੰਡ 'ਚ ਅਜੇ ਵੀ ਟਰੈਕਟਰ ਟਰਾਲੀਆਂ ਤੇ ਕੰਬਾਇਨ ਕਾਫੀ ਮਾਤਰਾ 'ਚ ਹਨ। ਪਿੰਡ ਵਾਸੀਆਂ ਦਾ ਇਹ ਵੀ ਕਹਿਣਾ ਸੀ ਕਿ ਉਹ ਜਿੱਥੇ ਵਾਢੀ ਕਰਨਗੇ ਉੱਥੇ ਹੀ ਕਿਸਾਨਾਂ ਦੀ ਫਸਲ ਵੀ ਸੰਭਾਲਣਗੇ ਤੇ ਆਉਣ ਵਾਲੀ ਫਸਲ ਲਈ ਵੀ ਕਿਸਾਨਾਂ ਨੇ ਤਿਆਰੀ ਮੁਕੰਮਲ ਕਰਨਗੇ। ਕਿਸਾਨਾਂ ਦਾ ਸ਼ੰਘਰਸ਼ ਜੇ ਲੰਬਾ ਚੱਲਿਆ ਤਾਂ ਉਹ ਜਿੰਨੀ ਦੇਰ ਖੇਤੀ ਕਾਨੂੰਨ ਵਾਪਸ ਨਹੀਂ ਹੋਣਗੇ ਉੰਨੀ ਦੇਰ ਕਿਸਾਨਾਂ ਦੀ ਫਸਲਾਂ ਦੀ ਦੇਖਭਾਲ ਤੇ ਹੋਰ ਜ਼ਰੂਰੀ ਚੀਜ਼ਾਂ ਦਾ ਇੰਤਜ਼ਾਮ ਪਿੰਡ ਵਾਸੀ ਕਰਦੇ ਰਹਿਣਗੇ।
ਇਸ ਮੌਕੇ ਪਿੰਡ ਦੇ ਨੌਜਵਾਨਾਂ ਨੇ ਟਰੈਕਟਰ, ਟਰਾਲੀਆਂ, ਕੰਬਾਈਨਾਂ ਅਤੇ ਹੋਰ ਜ਼ਰੂਰੀ ਸਾਮਾਨ ਵਾਢੀ ਲਈ ਤਿਆਰੀ ਪੂਰੀ ਕਰ ਲਈ ਹੈ ਅਤੇ ਹਰ ਪਿੰਡ ਵਿੱਚ ਉਨ੍ਹਾਂ ਨੇ ਸੁਨੇਹਾ ਵੀ ਲਾ ਦਿੱਤਾ ਹੈ ਕਿ ਜਿਸ ਨੂੰ ਜ਼ਰੂਰਤ ਹੋਵੇ ਉਹ ਉਨ੍ਹਾਂ ਦੀ ਵਾਢੀ ਮੁਫ਼ਤ ਵਿੱਚ ਕਰਨਗੇ। ਪਿੰਡ ਦੇ ਨੌਜਵਾਨਾਂ ਵਿੱਚ ਉਤਸ਼ਾਹ ਹੈ ਤੇ ਉਹ ਚਾਹ ਦੇ ਨਾਲ ਆਪਣੀਆਂ ਟਰੈਕਟਰ, ਟਰਾਲੀਆਂ ਤੇ ਕੰਬਾਈਨਾਂ ਕੱਢ ਕੇ ਪਿੰਡ ਪਿੰਡ ਗੇੜੇ ਵੀ ਲਾ ਰਹੇ ਹਨ। ਅਜਿਹਾ ਪਹਿਲੀ ਵਾਰ ਹੈ ਜਦੋਂ ਕਿਸਾਨਾਂ ਨੇ ਅਤੇ ਪਿੰਡ ਵਾਸੀਆਂ ਨੇ ਆਪਣੇ ਔਜ਼ਾਰ ਦੂਸਰੇ ਕਿਸਾਨਾਂ ਲਈ ਫਰੀ ਮੁਹੱਈਆ ਕਰਵਾਉਣੇ ਸ਼ੁਰੂ ਕਰ ਦਿੱਤੇ ਹਨ।