ਐਨਕਾਉਂਟਰ 'ਚ ਸੁਭਾਸ਼ ਬਾਥਮ ਦੀ ਪਤਨੀ ਦੀ ਵੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਇਸ ਮੁਹਿਮ ਵਿੱਚ ਪੁਲਿਸ ਕਰਮਚਾਰੀਆਂ ਸਣੇ ਕੁੱਲ 6 ਲੋਕ ਜ਼ਖਮੀ ਹੋਏ ਹਨ। ਇਸ ਕਾਰਵਾਈ ਦੀ ਕਾਮਯਾਬੀ ਤੋਂ ਬਾਅਦ ਡੀਜੀਪੀ ਓਪੀ ਸਿੰਘ ਅਤੇ ਪ੍ਰਮੁੱਖ ਗ੍ਰਹਿ ਸਕੱਤਰ ਨੇ ਪ੍ਰੈਸ ਕਾਨਫਰੰਸ 'ਚ ਦੱਸਿਆ ਹੈ ਕਿ ਸੁਭਾਸ਼ ਬਾਥਮ ਨਾਂ ਦਾ ਮੁਲਜ਼ਮ ਇੱਕ ਪੁਲਿਸ ਮੁਕਾਬਲੇ 'ਚ ਮਾਰਿਆ ਗਿਆ ਹੈ। ਏਟੀਐਸ ਅਤੇ ਐਨਐਸਜੀ ਟੀਮ ਦੇ ਪਹੁੰਚਣ ਤੋਂ ਪਹਿਲਾਂ ਜਦੋਂ ਮੁਲਜ਼ਮ ਧਮਕੀਆਂ ਦੇਣ ਲੱਗ ਗਿਆ ਤਾਂ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਦੌਰਾਨ ਮੁਲਜ਼ਮ ਵੱਲੋਂ ਫਾਈਰਿੰਗ ਕੀਤੀ ਗਈ। ਇਸ ਦੇ ਜਵਾਬ 'ਚ ਪੁਲਿਸ ਨੇ ਵੀ ਫਾਈਰਿੰਗ ਕੀਤੀ ਅਤੇ ਇਸ ਫਾਈਰਿੰਗ 'ਚ ਉਸ ਦੀ ਮੌਤ ਹੋ ਗਈ।
ਡੀਜੀਪੀ ਨੇ ਦੱਸਿਆ ਕਿ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਰਾਤ 8 ਵਜੇ ਤੋਂ ਨਿਰੰਤਰ ਨਿਗਰਾਨੀ ਕਰ ਰਹੇ ਸੀ। ਮੁੱਖ ਮੰਤਰੀ ਨੇ ਪੁਲਿਸ ਟੀਮ ਨੂੰ 10 ਲੱਖ ਰੁਪਏ ਇਨਾਮ ਦੇਣ ਦਾ ਐਲਾਨ ਵੀ ਕੀਤਾ ਹੈ। ਮ੍ਰਿਤਕ ਸੁਭਾਸ਼ ਨੇ ਆਪਣੀ ਧੀ ਦੇ ਜਨਮਦਿਨ ਦੇ ਬਹਾਨੇ ਬੱਚਿਆਂ ਨੂੰ ਆਪਣੇ ਘਰ ਬੁਲਾਇਆ ਅਤੇ ਉਨ੍ਹਾਂ ਨੂੰ ਬੇਸਮੈਂਟ 'ਚ ਰੱਖੀਆ। ਉਸਨੇ ਘਰ ਦੇ ਅੰਦਰੋਂ ਛੇ ਵਾਰ ਫਾਇਰਿੰਗ ਵੀ ਕੀਤੀ। ਪੁਲਿਸ ਨੇ ਦੱਸਿਆ ਕਿ ਸੁਭਾਸ਼ ਨੇ ਵੱਡੀ ਮਾਤਰਾ 'ਚ ਅਸਲਾ ਇਕੱਠਾ ਕੀਤਾ ਹੋਇਆ ਸੀ।
ਸੀਐਮ ਯੋਗੀ ਨੇ ਡੀਜੀਪੀ, ਵਧੀਕ ਮੁੱਖ ਸਕੱਤਰ ਗ੍ਰਹਿ ਅਤੇ ਹੋਰ ਅਹਿਮ ਅਧਿਕਾਰੀਆਂ ਦੀ ਹੰਗਾਮੀ ਬੈਠਕ ਬੁਲਾਈ ਹੈ। ਬੱਚੇ ਸੱਤ ਘੰਟਿਆਂ ਤੋਂ ਵੱਧ ਸਮੇਂ ਤੱਕ ਬੰਧਕ ਬਣੇ ਰਹੇ। ਮੌਕੇ ਦੀ ਗੰਭੀਰਤਾ ਨੂੰ ਵੇਖਦਿਆਂ ਕਈ ਜ਼ਿਲ੍ਹਿਆਂ ਦੀ ਫੋਰਸ ਬੁਲਾ ਲਈ ਗਈ। ਏਟੀਐਸ ਦੀ ਇੱਕ ਟੀਮ ਨੂੰ ਫਰੂਖਾਬਾਦ ਵਿਖੇ ਮੌਕੇ ‘ਤੇ ਭੇਜਿਆ ਗਿਆ।
ਸੁਭਾਸ਼ ਬਾਥਮ ਦੀ ਮੰਗ ਸੀ ਕਿ ਉਸਦੇ ਖਿਲਾਫ ਸਾਰੇ ਕੇਸ ਹਟਾਏ ਜਾਣ। ਏਡੀਜੀ ਲਾਅ ਐਂਡ ਆਰਡਰ ਪੀਵੀ ਰਮਾਸਤਰੀ ਨੇ ਦੱਸਿਆ ਕਿ ਕਤਲ ਕੇਸ 'ਚ ਇਸ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਅਤੇ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਸੁਭਾਸ਼ ਬਾਥਮ 40 ਸਾਲਾ ਦਾ ਸੀ ਅਤੇ ਉਸ ਵਿਰੁੱਧ ਚਾਰ ਕੇਸ ਜਿਸ 'ਚ ਧਾਰਾ 302 ਦਾ ਵੀ ਕੇਸ ਹੈ।