ਕਰਨਾਲ: ਹੁਣ ਇੱਕ ਵਾਰ ਫਿਰ ਕੋਰੋਨਾ ਨੇ ਦਸਤਕ ਦੇ ਦਿੱਤੀ ਹੈ। ਕੋਰੋਨਾ ਕਾਰਨ ਦਿੱਲੀ 'ਚ ਹਫਤੇ ਦਾ ਲੌਕਡਾਊਨ ਹੈ। ਡਰ ਕਰਕੇ ਪ੍ਰਵਾਸੀ ਮਜ਼ਦੂਰ ਘਰ ਜਾ ਰਹੇ ਹਨ। ਅਜਿਹੀ ਸਥਿਤੀ ਵਿੱਚ ਕੁਝ ਪ੍ਰਵਾਸੀ ਮਜ਼ਦੂਰ ਕਰਨਾਲ ਵਿੱਚ ਆਪਣੇ ਘਰਾਂ ਨੂੰ ਜਾਂਦੇ ਨਜ਼ਰ ਆ ਰਹੇ ਹਨ। ਹਾਲਾਂਕਿ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਰਾਜ ਸਰਕਾਰਾਂ ਲੌਕਡਾਊਨ ਨੂੰ ਆਖਰੀ ਵਿਕਲਪ ਵਜੋਂ ਰੱਖਣ।
ਪ੍ਰਸ਼ਾਸਨ ਵੀ ਪਰਵਾਸੀ ਮਜ਼ਦੂਰਾਂ ਨੂੰ ਇਹ ਸਮਝਾ ਰਿਹਾ ਹੈ ਕਿ ਕੋਈ ਲੌਕਡਾਊਨ ਨਹੀਂ ਹੋਵੇਗਾ, ਸਭ ਠੀਕ ਹੈ ਜਿਥੇ ਤੁਸੀਂ ਆਪਣਾ ਕੰਮ ਕਰ ਰਹੇ ਹੋ, ਉੱਥੇ ਹੀ ਕਰਦੇ ਰਹੋ ਪਰ ਪ੍ਰਵਾਸੀ ਮਜ਼ਦੂਰਾਂ 'ਚ ਇੱਕ ਡਰ ਹੈ ਕਿ ਜੇ ਲੌਕਡਾਊਨ ਲਾ ਦਿੱਤਾ ਗਿਆ ਤਾਂ ਉਨ੍ਹਾਂ ਨੂੰ ਇੱਥੇ ਹੀ ਰਹਿਣਾ ਪਏਗਾ, ਇਸ ਲਈ ਉਹ ਘਰ ਜਾ ਕੇ ਆਪਣੇ ਪਰਿਵਾਰਾਂ ਨਾਲ ਰਹਿਣਗੇ। ਇੱਥੇ ਲੌਕਡਾਊਨ'ਚ ਉਨ੍ਹਾਂ ਦਾ ਗੁਜ਼ਾਰਾ ਵੀ ਮੁਸ਼ਕਲ ਹੋ ਜਾਵੇਗਾ।
ਪਿਛਲੇ ਸਾਲ ਜੋ ਕੋਰੋਨਾ ਦੀ ਤਸਵੀਰ ਦੀ ਪਹਿਲੀ ਝਲਕ ਵੇਖੀ ਗਈ ਸੀ, ਉਸ ਦੀ ਝਲਕ ਇਸ ਵਾਰ ਫਿਰ ਦਿਖਣੀ ਸ਼ੁਰੂ ਹੋ ਗਈ ਹੈ। ਕੋਰੋਨਾ ਦੇ ਡਰ ਨੂੰ ਛੱਡ ਕੇ ਪ੍ਰਵਾਸੀ ਮਜ਼ਦੂਰ ਪੰਜਾਬ ਤੋਂ ਯੂਪੀ, ਬਿਹਾਰ ਵੱਲ ਪੈਦਲ ਜਾਂਦੇ ਵੇਖੇ ਗਏ ਸੀ। ਕੁਝ ਸਾਈਕਲਾਂ 'ਤੇ ਜਾ ਰਹੇ ਸੀ, ਤਾਂ ਕੁਝ ਕਿਸੇ ਤੋਂ ਮਦਦ ਦੀ ਮੰਗ ਕੇ, ਜੋ ਉਨ੍ਹਾਂ ਨੂੰ ਮਿਲਿਆ ਉਹ ਉਸ 'ਤੇ ਬੈਠ ਜਾਂਦੇ ਸੀ।
ਦੇਸ਼ ਭਰ ਵਿੱਚ 13 ਕਰੋੜ ਕੋਰੋਨਾ ਟੀਕੇ ਲਾਉਣ ਦੇ ਬਾਵਜੂਦ ਮਹਾਂਮਾਰੀ ਸੰਕਟ ਰੁਕਣ ਦਾ ਨਾਂ ਨਹੀਂ ਲੈ ਰਹੀ। ਹਰ ਦਿਨ ਕੋਰੋਨਾ ਦੇ ਅੰਕੜੇ ਨਵੇਂ ਰਿਕਾਰਡ ਕਾਇਮ ਕਰ ਰਹੇ ਹਨ। ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ 295,041 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ ਤੇ 2023 ਸੰਕਰਮਿਤ ਲੋਕਾਂ ਨੇ ਆਪਣੀਆਂ ਜਾਨਾਂ ਗੁਆਈ ਹਨ। ਹਾਲਾਂਕਿ, 1,67,457 ਲੋਕਾਂ ਨੇ ਕੋਰੋਨਾ ਨੂੰ ਮਾਤ ਵੀ ਦਿੱਤੀ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ 259,167 ਨਵੇਂ ਮਾਮਲੇ ਸਾਹਮਣੇ ਆਏ ਸੀ।