ਕੋਲਕਾਤਾ: ਪੱਛਮੀ ਬੰਗਾਲ ਚੋਣਾਂ ਦੌਰਾਨ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਵੱਡਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਪਣੀ ਦੂਰਦਰਸ਼ੀ ਤੇ ਸਮਝ ਦੀ ਘਾਟ ਨੂੰ ਲੁਕਾਉਣ ਲਈ ਕੋਰੋਨਾ ਸੰਕਟ ਨੂੰ ਨਜ਼ਰ ਅੰਦਾਜ਼ ਕੀਤਾ। ਪ੍ਰਸ਼ਾਂਤ ਕਿਸ਼ੋਰ ਇਸ ਸਮੇਂ ਪੱਛਮੀ ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੀ ਚੋਣ ਰਣਨੀਤੀ ਨੂੰ ਸੰਭਾਲ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਮਹਾਂਮਾਰੀ ਵਿਰੁੱਧ ਜੰਗ ਜਿੱਤਣ ਦਾ ਦਾਅਵਾ ਕਰਦਿਆਂ ਲੋਕਾਂ ਨਾਲ ਝੂਠ ਬੋਲਿਆ।


 


ਪ੍ਰਸ਼ਾਂਤ ਕਿਸ਼ੋਰ ਨੇ ਟਵੀਟ ਕੀਤਾ, “ਮੋਦੀ ਸਰਕਾਰ ਇਸ ਤਰ੍ਹਾਂ ਸੰਕਟ ਨਾਲ ਨਜਿੱਠ ਰਹੀ ਹੈ: ਪਹਿਲਾਂ- ਆਪਣੀ ਸਮਝ ਤੇ ਦੂਰਦਰਸ਼ਤਾ ਨੂੰ ਲੁਕਾਉਣ ਲਈ ਸਮੱਸਿਆ ਨੂੰ ਨਜ਼ਰਅੰਦਾਜ਼ ਕਰੋ। ਦੂਜਾ- ਅਚਾਨਕ ਹਰਕਤ 'ਚ ਆਓ, ਜਿੱਤਣ ਲਈ ਝੂਠੇ ਦਾਅਵੇ ਕਰੋ।''



ਇਸ ਤੋਂ ਇਲਾਵਾ, ਉਨ੍ਹਾਂ ਲਿਖਿਆ, "ਜੇ ਸਮੱਸਿਆ ਬਣੀ ਰਹਿੰਦੀ ਹੈ ਤਾਂ ਇਸ ਨੂੰ ਦੂਜਿਆਂ ਦੇ ਮੱਥੇ ਮੜ੍ਹ ਦਵੋ।  ਜੇ ਹਾਲਾਤ ਸੁਧਰ ਜਾਣ ਤਾਂ, ਭਗਤ ਸੈਨਾ ਨਾਲ ਕ੍ਰੈਡਿਟ ਲੈਣ ਆ ਜਾਵੋ।" ਦੇਸ਼ 'ਚ ਕੋਰੋਨਾ ਦਾ ਪ੍ਰਭਾਵ ਵਧਦਾ ਹੀ ਜਾ ਰਿਹਾ ਹੈ। ਹਰ ਰੋਜ਼ ਲੱਖਾਂ ਕੋਰੋਨਾ ਮਰੀਜ਼ ਆ ਰਹੇ ਹਨ।


 


ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ 295,041 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ ਤੇ 2023 ਸੰਕਰਮਿਤ ਲੋਕਾਂ ਨੇ ਆਪਣੀਆਂ ਜਾਨਾਂ ਗੁਆਈ ਹਨ। ਹਾਲਾਂਕਿ, 1,67,457 ਲੋਕਾਂ ਨੇ ਕੋਰੋਨਾ ਨੂੰ ਮਾਤ ਵੀ ਦਿੱਤੀ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ 259,167 ਨਵੇਂ ਮਾਮਲੇ ਸਾਹਮਣੇ ਆਏ ਸੀ।


 


ਦੱਸ ਦਈਏ ਕਿ ਦੇਸ਼ ਵਿਚ ਕੋਰੋਨਾ ਦੀ ਮੌਤ ਦਰ 1.17 ਪ੍ਰਤੀਸ਼ਤ ਹੈ ਜਦੋਂ ਕਿ ਰਿਕਵਰੀ ਦਰ ਲਗਪਗ 85 ਪ੍ਰਤੀਸ਼ਤ ਹੈ। ਐਕਟਿਵ ਮਾਮਲੇ 13 ਪ੍ਰਤੀਸ਼ਤ ਤੋਂ ਵੱਧ ਹੋ ਗਏ। ਉਧਰ ਕੋਰੋਨਾ ਐਕਟਿਵ ਕੇਸ ਦੇ ਮਾਮਲੇ ਵਿੱਚ ਭਾਰਤ ਦੁਨੀਆ ਵਿੱਚ ਦੂਜੇ ਨੰਬਰ ‘ਤੇ ਹੈ। ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ ਦੇ ਮਾਮਲੇ ਵਿਚ ਵੀ ਭਾਰਤ ਦੂਜੇ ਨੰਬਰ ‘ਤੇ ਹੈ। ਜਦੋਂ ਕਿ ਅਮਰੀਕਾ, ਬ੍ਰਾਜ਼ੀਲ ਅਤੇ ਮੈਕਸੀਕੋ ਤੋਂ ਬਾਅਦ ਭਾਰਤ ਵਿਚ ਦੁਨੀਆ ਵਿਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ।