ਚੰਡੀਗੜ੍ਹ: ਪੰਜਾਬ ਵਿੱਚ ਲਗਾਤਾਰ ਕੋਰੋਨਾ ਮਰੀਜ਼ਾਂ ਦਾ ਅੰਕੜਾ ਵਧਦਾ ਜਾ ਰਿਹਾ ਹੈ। ਸਰਕਾਰ ਵਲੋਂ ਸਖਤ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਪਰ ਇਨ੍ਹਾਂ ਨਿਯਮਾਂ ਦੀ ਕਿੰਨੀ ਕੁ ਪਾਲਣਾ ਹੁੰਦੀ ਹੈ ਇਹ ਸਭ ਦੇ ਸਾਹਮਣੇ ਹੈ। ਜ਼ਿਲ੍ਹੇ ਹੁਸ਼ਿਆਰਪੁਰ 'ਚ ਵੀ ਲੋਕਾਂ ਵੱਲੋਂ ਕੋਰੋਨਾ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ। ਹੁਸ਼ਿਆਰਪੁਰ 'ਚ ਲੋਕ ਘਰਾਂ ਤੋਂ ਬਾਹਰ ਘੁੰਮ ਰਹੇ ਹਨ ਪਰ ਕਿਸੇ ਵਲੋਂ ਵੀ ਕੋਰੋਨਾ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ। ਜ਼ਿਆਦਾਤਰ ਲੋਕ ਬਿਨ੍ਹਾ ਮਾਸਕ ਅਤੇ ਸਮਾਜਿਕ ਦੂਰੀ ਦੇ ਨਜ਼ਰ ਆ ਰਹੇ ਹਨ। 
 
ਉਧਰ ਜਲੰਧਰ 'ਚ ਵੀ ਕੋਰੋਨਾ ਦੀ ਦੂਜੀ ਲਹਿਰ ਪਹੁੰਚ ਚੁਕੀ ਹੈ ਅਤੇ ਇਥੇ ਕੋਰੋਨਾ ਦੇ ਨਵੇਂ ਸਟ੍ਰੇਨ ਦੇ ਮਰੀਜ਼ ਵੀ ਮਿਲੇ ਹਨ। ਅੱਜ ਜਲੰਧਰ 'ਚ 302 ਕੋਰੋਨਾ ਦੇ ਮਰੀਜ਼ ਮਿਲੇ ਹਨ ਅਤੇ 7 ਲੋਕਾਂ ਦੀ ਇਸ ਨਾਮੁਰਾਦ ਬੀਮਾਰੀ ਨਾਲ ਮੌਤ ਹੋਈ ਹੈ। ਪਰ ਲੋਕ ਪ੍ਰਸ਼ਾਸਨ ਦੀਆਂ ਹਿਦਾਇਤਾਂ ਪੁਰੀ ਤਰ੍ਹਾਂ ਨਹੀਂ ਮਨ ਰਹੇ। ਹਾਲਾਂਕਿ ਪੁਲਿਸ ਮੁਲਾਜ਼ਮ ਇਨ੍ਹਾਂ ਦੇ ਚਲਾਨ ਵੀ ਕੱਟ ਰਹੀ ਹੈ। ਪਰ ਲੋਕ ਚਲਾਨ ਤੋਂ ਬਚਨ ਲਈ ਬਹਾਨੇ ਲਗਾਉਂਦੇ ਨਜ਼ਰ ਆਏ।
 
ਰੋਪੜ ਵਿੱਚ ਕੋਰੋਨਾ ਮਹਾਂਮਾਰੀ ਕੇਸਾਂ ਨੂੰ ਦੇਖਦੇ ਹੋਏ ਰਾਤ ਦਾ ਕਰਫਿਊ ਵੀ ਲਗਾਇਆ ਗਿਆ ਹੈ। ਇਸ ਸੰਬੰਧ 'ਚ ਨੰਗਲ ਪੁਲਿਸ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਅਲੱਗ ਅਲੱਗ ਪੁਲਿਸ ਪਾਰਟੀਆਂ ਮਿਲਾ ਕੇ ਸ਼ਹਿਰ ਦੇ ਵਿੱਚ ਗਸ਼ਤ ਕੀਤੀ ਜਾ ਰਹੀ ਹੈ। 11 ਵਜੇ ਤੋਂ ਬਾਅਦ ਜਿਹੜੀਆਂ ਦੁਕਾਨਾਂ ਖੁਲ੍ਹੀਆਂ ਹਨ ਉਨ੍ਹਾਂ ਨੂੰ ਚੈੱਕ ਕੀਤਾ ਜਾ ਰਿਹਾ ਹੈ।
 
ਉਨ੍ਹਾਂ ਕਿਹਾ ਪਰ ਇਸ ਰਾਤ ਦੇ ਲੋਕਡਾਊਨ 'ਚ ਦੇਖਿਆ ਗਿਆ ਕਿ ਸਾਰਾ ਬਾਜ਼ਾਰ ਸਾਰੀਆਂ ਦੁਕਾਨ ਸਾਰੇ ਹੋਟਲ ਤੇ ਢਾਬੇ ਬੰਦ ਪਾਏ ਗਏ। ਇਸੇ ਸਬੰਧ 'ਚ ਜਦ ਡੀਸੀ ਰੂਪਨਗਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਨਾਈਟ ਕਰਫਿਊ ਦਾ ਪਹਿਲਾ ਦਿਨ ਹੋਣ ਕਰਕੇ ਇਹ ਪ੍ਰਸ਼ਾਸਨ ਵੱਲੋਂ ਥੋੜ੍ਹਾ ਜਿਹੀ ਢਿੱਲ ਦਿੱਤੀ ਗਈ ਸੀ।