ਨਵੀਂ ਦਿੱਲੀ: ਉੱਤਰ-ਪੱਛਮੀ ਭਾਰਤ ਤੇ ਪੂਰਬੀ ਭਾਰਤ ’ਚ ਤਾਪਮਾਨ ਆਮ ਨਾਲੋਂ ਵੱਧ ਬਣਿਆ ਹੋਇਆ ਹੈ। ਬਿਹਾਰ, ਝਾਰਖੰਡ, ਓਡੀਸ਼ਾ ਤੇ ਪੱਛਮੀ ਮੱਧ ਪ੍ਰਦੇਸ਼ ਵਿੱਚ ਤਾਪਮਾਨ ਵੱਧ ਚੱਲ ਰਿਹਾ ਹੈ। ਦਿੱਲੀ ’ਚ ਵੀਰਵਾਰ ਨੂੰ ਤਾਪਮਾਨ ਆਮ ਨਾਲੋਂ 8 ਡਿਗਰੀ ਸੈਲਸੀਅਸ ਵੱਧ 33.2 ਡਿਗਰੀ ਸੈਲਸੀਅਸ ਸੀ।


 


ਭਾਰਤੀ ਮੌਸਮ ਵਿਭਾਗ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਆਨੰਦ ਸ਼ਰਮਾ ਨੇ ਦੱਸਿਆ ਕਿ ਅਜਿਹਾ ਰੁਝਾਨ ਅੱਗੇ ਵੀ ਬਣੇ ਰਹਿਣ ਦੀ ਸੰਭਾਵਨਾ ਹੈ। ਪਹਿਲੀ ਤੇ ਦੋ ਮਾਰਚ ਨੂੰ ਇਲਾਕੇ ਵਿੱਚ ਤਾਪਮਾਨ ’ਚ ਮਾਮੂਲੀ ਕਮੀ ਆਵੇਗੀ।


 


ਇਸ ਵਰ੍ਹੇ ਪੱਛਮੀ ਗੜਬੜੀ ਕਾਰਣ ਸਿਰਫ਼ ਇੱਕੋ ਵਾਰ 3–4 ਫ਼ਰਵਰੀ ਨੂੰ ਮੀਂਹ ਪਿਆ ਸੀ। ਸਾਲ 2006 ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ 15 ਫ਼ਰਵਰੀ ਤੋਂ ਪਹਿਲਾਂ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਤੋਂ ਪਾਰ ਗਿਆ ਹੈ। ਇਸੇ ਲਈ ਗਰਮੀ ਦੀ ਤਪਸ਼ ਵਧ ਗਈ ਹੈ।


 


ਫ਼ਰਵਰੀ ਮਹੀਨੇ ਬੀਤੇ 27 ਦਿਨਾਂ ਦੌਰਾਨ ਔਸਤਨ ਘੱਟੋ-ਘੱਟ ਤਾਪਮਾਨ 27.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ; ਜੋ ਆਮ ਨਾਲੋਂ 3.8 ਡਿਗਰੀ ਵੱਧ ਹੈ। ਇੰਝ ਇਤਿਹਾਸ ਵਿੱਚ ਦੂਜਾ ਸਭ ਤੋਂ ਗਰਮ ਫ਼ਰਵਰੀ ਮਹੀਨਾ ਰਿਹਾ।


 


ਦੇਸ਼ ਦੀ ਰਾਜਧਾਨੀ ਦਿੱਲੀ ’ਚ ਠੰਢ ਲਗਭਗ ਜਾ ਚੁੱਕੀ ਹੈ। ਮੌਸਮ ਵਿਭਾਗ ਅਨੁਸਾਰ ਦਿੱਲੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ 1 ਅਤੇ 2 ਮਾਰਚ ਨੂੰ ਤਾਪਮਾਨ ਮਾਮੂਲੀ ਜਿਹਾ ਘਟੇਗਾ।