ਅੰਮ੍ਰਿਤਸਰ: ਸਿੱਖ ਅਰਦਾਸ 'ਚ ਰੋਜ਼ਾਨਾ ਇਹ ਮੰਗ ਕਰਦਾ ਹੈ ਕਿ ਸਿੱਖੀ, ਕੇਸਾਂ ਸੁਆਸਾਂ ਨਾਲ ਨਿਭਾਏ। ਇਸ ਦੀ ਸਾਕਾਰ ਮੂਰਤ ਭਾਈ ਤਾਰੂ ਸਿੰਘ ਜੀ ਦੀ ਮਹਾਨ ਸ਼ਹਾਦਤ ਹੈ। ਪੰਥ ਪ੍ਰਕਾਸ਼ ਦੇ ਕਰਤਾ ਇਹ ਲਿਖਦੇ ਹਨ, "ਜਿੰਮ ਜਿੰਮ ਸਿੰਘਣ ਤੁਰਕ ਸੰਤਾਵੈ, ਤਿੰਮ ਤਿੰਮ ਸਿੱਖ ਮੁੱਖ ਲਾਲੀ ਆਵੈ।" ਭਾਵ ਜਿਵੇਂ ਜਿਵੇਂ ਭਾਈ ਤਾਰੂ ਸਿੰਘ ਜੀ ਨੂੰ ਮੁਗਲੀਆ ਹਕੂਮਤ ਵੱਲੋਂ ਤਸੀਹੇ ਦਿੱਤੇ ਜਾ ਰਹੇ ਸਨ, ਉਵੇਂ-ੳੇਵੇਂ ਸਿੱਖ ਦਾ ਜਲਾਲ ਵਧ ਰਿਹਾ ਸੀ।


18ਵੀਂ ਸਦੀ ਦੇ ਮਹਾਨ ਗੁਰਸਿੱਖ ਭਾਈ ਤਾਰੂ ਸਿੰਘ ਨੇ ਸੰਸਾਰ ਭਰ ਵਿੱਚ ਸ਼ਹੀਦੀ ਦੀ ਵੱਖਰੀ ਤੇ ਅਨੋਖੀ ਮਿਸਾਲ ਕਾਇਮ ਕਰਦਿਆਂ ਸਿੱਖੀ ਦਾ ਜੋ ਪਰਚਮ ਲਹਿਰਾਇਆ, ਉਹ ਰਹਿੰਦੀ ਦੁਨੀਆਂ ਤੱਕ ਝੁੱਲਦਾ ਰਹੇਗਾ। ਬਾਬਾ ਬੰਦਾ ਸਿੰਘ ਦੀ ਸ਼ਹਾਦਤ ਤੋਂ ਬਾਅਦ ਸਮੇਂ ਦੀ ਹਕੂਮਤ ਨੇ ਸਿੱਖਾਂ 'ਤੇ ਅੱਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ। ਇੱਥੋਂ ਤੱਕ ਸਿੰਘਾਂ ਦੇ ਸਿਰਾਂ ਦੇ ਮੁੱਲ ਪੈਣੇ ਵੀ ਸ਼ੁਰੂ ਹੋ ਗਏ। ਜਿੱਥੇ ਕੋਈ ਸਿੰਘ ਮਿਲਦਾ ਉਸ ਨੂੰ ਮਾਰ ਦਿੱਤਾ ਜਾਂਦਾ। ਅਜਿਹੇ ‘ਚ ਸਿੰਘਾਂ ਨੇ ਜੰਗਲਾਂ ‘ਚ ਨਿਵਾਸ ਕਰਨਾ ਸਹੀ ਸਮਝਿਆ।


ਭਾਈ ਤਾਰੂ ਸਿੰਘ ਜੋ ਕੁਝ ਕਮਾਉਂਦੇ, ਉਸ ਨਾਲ ਸਿੰਘਾਂ ਨੂੰ ਜੰਗਲਾਂ ਬੇਲਿਆਂ ‘ਚ ਜਾ ਲੰਗਰ ਪਾਣੀ ਛਕਾ ਆਉਂਦੇ, ਇਸ ਗੱਲ ਦਾ ਪਤਾ ਜਦੋਂ ਜਾਲਮ ਹਕੂਮਤ ਦੇ ਮੁਖਬਰ ਨੂੰ ਲੱਗਾ ਤਾਂ ਉਸ ਨੇ ਝੱਟ ਜਾ ਸੂਬੇਦਾਰ ਜ਼ਕਰੀਆਂ ਖਾਂ ਨੂੰ ਇਤਲਾਹ ਦਿੱਤੀ। ਜ਼ਕਰੀਆਂ ਖਾਂ ਦੇ ਹੁਕਮ ਮੁਤਾਬਕ ਭਾਈ ਤਾਰੂ ਸਿੰਘ ਨੂੰ ਫੜ ਕੇ ਲਾਹੌਰ ਲਿਆਂਦਾ ਗਿਆ। ਕਚਿਹਰੀ 'ਚ ਪੇਸ਼ ਕਰਨ ਤੋਂ ਬਾਅਦ ਹਕੂਮਤ ਨੇ ਕਈ ਮਨਘੜਤ ਦੋਸ਼ ਲਾ ਭਾਈ ਤਾਰੂ ਸਿੰਘ ਨੂੰ ਮੁਸਲਮਾਨ ਬਣਨ ਲਈ ਕਿਹਾ ਤਾਂ ਭਾਈ ਸਾਹਿਬ ਨੇ ਲਲਕਾਰ ਕੇ ਜਵਾਬ ਦਿੱਤਾ ਕਿ ਇਹ ਕਦੇ ਨਹੀਂ ਹੋ ਸਕਦਾ, ਸਿੱਖ ਦਾ ਸਿੱਦਕ ਕੇਸਾਂ ਸੁਆਸਾਂ ਨਾਲ ਨਿਭੇਗਾ।


ਭਾਈ ਸਾਹਿਬ ਦੇ ਨਾ ਕਰਨ 'ਤੇ ਅੰਤ 'ਚ ਫਤਵਾ ਦੇ ਦਿੱਤਾ ਗਿਆ। ਜਲਾਦਾਂ ਨੇ ਰੰਬੀ ਨਾਲ ਭਾਈ ਤਾਰੂ ਸਿੰਘ ਦੀ ਖੋਪੜੀ ਉਤਾਰ ਦਿੱਤੀ। ਖੂਨ ਦੀਆਂ ਧਾਰਾਂ ਭਾਈ ਸਾਹਿਬ ਦੇ ਸਰੀਰ 'ਤੇ ਵਹਿ ਤੁਰੀਆਂ। ਖੋਪਰੀ ਉਤਾਰਨ ਤੋਂ 22 ਦਿਨਾਂ ਬਾਅਦ 16 ਜੁਲਾਈ, 1745 ਈ ਨੂੰ ਭਾਈ ਤਾਰੂ ਸਿੰਘ ਗੁਰੂ ਚਰਨਾਂ 'ਚ ਜਾ ਬਿਰਾਜੇ। ਅਜਿਹੇ ਮਹਾਨ ਗੁਰਸਿੱਖ ਦੇ ਸ਼ਹੀਦੀ ਦਿਹਾੜੇ ਮੌਕੇ 'ਏਬੀਪੀ ਸਾਂਝਾ' ਵੀ ਸ਼ਰਧਾ ਦੇ ਫੁੱਲ਼ ਅਰਪਨ ਕਰਦਾ ਹੈ।


ਅਸੀਂ ਰੋਜਾਨਾ ਹੀ ਅਰਦਾਸ 'ਚ ਉਨ੍ਹਾਂ ਸਿੰਘ ਸਿੰਘਣੀਆਂ ਨੂੰ ਯਾਦ ਕਰਦੇ ਹਾਂ, ਜਿਨ੍ਹਾਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪੜਿਆ ਲਹਾਇਆ, ਚਖੜੀਆਂ 'ਤੇ ਚੜੇ ਆਰਿਆਂ ਨਾਲ ਚੀਰੇ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ, ਧਰਮ ਨਹੀਂ ਹਾਰਿਆ ਤੇ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ।


ਉਸੇ ਲੜੀ ਦੀ ਕੜੀ ਸਨ ਸਹੀਦ ਭਾਈ ਤਾਰੂ ਜੀ, ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਅੱਜ ਸਮੁੱਚੀ ਕੌਮ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾ ਰਹੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਕੋਮ ਦੇ ਇਸ ਮਹਾਨ ਸ਼ਹੀਦ ਨੂੰ ਆਪਣੀ ਸ਼ਰਧਾ ਦੇ ਫੁੱਲ ਅਰਪਿਤ ਕਰਨ ਲਈ ਸ਼੍ਰੀ ਦਰਬਾਰ ਸਾਹਿਬ ਪਰਿਸਰ 'ਚ ਸਥਿਤ ਗੁਰਦੁਵਾਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਧਾਰਮਿਕ ਦੀਵਾਨ ਸਜਾਏ ਗਏ, ਜਿੱਥੇ ਪੰਥ ਦੇ ਮਹਾਨ ਕੀਰਤਨੀ ਜਥਿਆਂ ਨੇ ਇਸ ਸ਼ਹੀਦ ਦੀ ਕੁਰਬਾਨੀ ਤੋਂ ਕੌਮ ਨੂੰ ਜਾਣੂ ਕਰਵਾਇਆ।


ਉਸ ਮਹਾਨ ਸ਼ਹੀਦ ਦਾ ਸ਼ਹੀਦੀ ਦਿਹਾੜਾ ਅੱਜ ਕੌਮ ਬੜੀ ਸ਼ਰਧਾ ਤੇ ਸਤਕਾਰ ਨਾਲ ਮਨਾ ਰਹੀ ਹੈ ਜਿੱਥੇ ਪੂਰੀ ਦੁਨਿਆ ਦੇ ਗੁਰਦੁਆਰਾ ਸਾਹਿਬਾਨ 'ਚ ਅੱਜ ਦੇ ਦਿਨ 'ਤੇ ਧਰਮਿਕ ਦੀਵਾਨ ਸਜਾਏ ਗਏ ਹਨ ਉੱਥੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਧਰਮਿਕ ਦੀਵਾਨ ਸਜਾਏ ਗਏ।