ESIC ਹਸਪਤਾਲ 'ਚ ਲੱਗੀ ਅੱਗ, ਮਚੀ ਹਫੜਾ-ਦਫੜੀ
ਏਬੀਪੀ ਸਾਂਝਾ | 09 Jan 2020 12:28 PM (IST)
ਨੋਇਡਾ ਦੇ ESIC ਹਸਪਤਾਲ 'ਚ ਅੱਜ ਸਵੇਰੇ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਹਸਪਤਾਲ 'ਚ ਹਫੜਾ-ਦਫੜੀ ਮਚ ਗਈ।
ਨੋਇਡਾ: ਉੱਤਰ ਪ੍ਰਦੇਸ਼ ਦੇ ਨੋਇਡਾ ਦੇ ESIC ਹਸਪਤਾਲ 'ਚ ਅੱਜ ਸਵੇਰੇ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਹਸਪਤਾਲ 'ਚ ਹਫੜਾ-ਦਫੜੀ ਮਚ ਗਈ। ਇਸ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਨੇ ਮਰੀਜ਼ਾਂ ਸਣੇ ਸਾਰੇ ਲੋਕਾਂ ਨੂੰ ਬਾਹਰ ਕੱਢ ਲਿਆ। ਹਾਲਾਂਕਿ ਇਸ ਅੱਗ ਨਾਲ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ। ਫਿਲਹਾਲ ਫਾਇਰ ਬ੍ਰਿਗੇਡ ਦੇ ਕਰਮਚਾਰੀ ਅੱਗ ਬੁਝਾਉਣ 'ਚ ਲੱਗੇ ਹੋਏ ਹਨ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨੋਇਡਾ ਦੇ ਸੈਕਟਰ 24 'ਚ ਸਥਿਤ ਸੱਤ ਮੰਜ਼ਲਾ ਇਮਾਰਤ ਦੇ ਬੇਸਮੈਂਟ 'ਚ ਅੱਗ ਲੱਗ ਗਈ। ਅਧਿਕਾਰੀ ਨੇ ਦੱਸਿਆ ਕਿ ਅੱਗ ਬੁਝਾਊ ਵਿਭਾਗ ਨੂੰ ਸਵੇਰੇ ਅੱਠ ਵਜੇ ਇਸ ਦੀ ਜਾਣਕਾਰੀ ਮਿਲੀ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਮੌਕੇ ‘ਤੇ ਭੇਜ ਦਿੱਤਾ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਅੱਗ ਦੀਆਂ ਤਸਵੀਰਾਂ ਮੁਤਾਬਕ ਇਮਾਰਤ ਦੇ ਉੱਪਰ ਤੇ ਹੇਠਲੀ ਮੰਜ਼ਲ ਤੋਂ ਧੂੰਆਂ ਉੱਠਦਾ ਦਿਖਾਈ ਦੇ ਰਿਹਾ ਹੈ। ਦੱਸ ਦਈਏ ਕਿ ਸਾਰਿਆਂ ਨੂੰ ਸਮੇਂ 'ਤੇ ਹਸਪਤਾਲ ਤੋਂ ਬਾਹਰ ਕੱਢ ਲਿਆ ਗਿਆ ਤੇ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ।