ਮਨਵੀਰ ਕੌਰ ਰੰਧਾਵਾ


ਚੰਡੀਗੜ੍ਹ: ਦੇਸ਼ ਦੀ ਰਾਜਧਾਨੀ ਦਿੱਲੀ 'ਚ ਪਿਛਲੇ ਕੁਝ ਦਿਨਾਂ ਤੋਂ ਹਿੰਸਾ ਜਾਰੀ ਹੈ ਜਿਸ ਨੂੰ ਸਾਰੀ ਦੁਨੀਆ ਦੇ ਮੀਡੀਆ ਨੇ ਪ੍ਰਮੁੱਖਤਾ ਨਾਲ ਕਵਰ ਕੀਤਾ ਹੈ। ਸਿਰਫ ਇੰਨਾ ਹੀ ਨਹੀਂ ਅੰਤਰਾਸ਼ਟਰੀ ਮੀਡੀਆ ਨੇ ਇਨ੍ਹਾਂ ਪਿੱਛੇ ਬੀਜੇਪੀ ਦਾ ਹੱਥ ਹੋਣ ਤੇ ਪੁਲਿਸ ਦੀ ਭੂਮਿਕਾ 'ਤੇ ਸਵਾਲ ਖੜ੍ਹੇ ਕੀਤੇ ਹਨ। ਆਓ ਦੱਸਦੇ ਹਾਂ ਕੁਝ ਵੱਡੇ ਅਖ਼ਬਾਰਾਂ ਦੀ ਰਿਪੋਰਟ ਦੇ ਕੁਝ ਅੰਸ਼ ਕੀ ਕਹਿੰਦੇ ਹਨ।

ਨਿਊਯਾਰਕ ਟਾਈਮਜ਼:

ਅਮਰੀਕੀ ਅਖਬਾਰ ਨੇ ਲਿਖਿਆ ਹੈ ਕਿ ਜਦੋਂ ਟਰੰਪ ਤੇ ਮੋਦੀ ਗੱਲਬਾਤ ਕਰ ਰਹੇ ਸੀ ਤਾਂ ਹਜ਼ਾਰਾਂ ਲੋਕ ਹਿੰਸਾ ਦਾ ਸਾਹਮਣਾ ਕਰ ਰਹੇ ਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਦਿੱਲੀ ਵਿੱਚ ਆਪਣੀ ਮੌਜੂਦਗੀ ਦੌਰਾਨ ਉੱਥੇ ਦੀਆਂ ਸੜਕਾਂ 'ਤੇ ਦੰਗਿਆਂ ਦੀ ਸ਼ੁਰੂਆਤ ਹੋਈ ਸੀ। ਭਾਰਤ ਦੀ ਰਾਜਧਾਨੀ ਦੇ ਕਈ ਇਲਾਕਿਆਂ ‘ਚ ਹਿੰਦੂਆਂ ਤੇ ਮੁਸਲਮਾਨਾਂ ਵਿਚਾਲੇ ਹੋਈ ਹਿੰਸਾ ਵਿੱਚ  ਦਰਜਨ ਤੋਂ ਵੱਧ ਲੋਕ ਮਾਰੇ ਗਏ ਹਨ।

ਜਦੋਂ ਟਰੰਪ ਤੇ ਪ੍ਰਧਾਨ ਮੰਤਰੀ ਮੋਦੀ ਆਪਸ ‘ਚ ਗੱਲਬਾਤ ਕਰ ਰਹੇ ਸੀ ਤਾਂ ਹਜ਼ਾਰਾਂ ਲੋਕ ਹਿੰਸਾ ਦਾ ਸਾਹਮਣਾ ਕਰ ਰਹੇ ਸੀ। ਸੜਕਾਂ 'ਤੇ ਪੈਟਰੋਲ ਬੰਬ ਤੇ ਫਾਇਰਿੰਗ ਚੱਲ ਰਹੀ ਸੀ, ਭੀੜ ਵਾਹਨਾਂ 'ਤੇ ਹਮਲਾ ਕਰ ਰਹੀ ਸੀ। ਵੱਡੀ ਗਿਣਤੀ 'ਚ ਪੱਤਰਕਾਰ ਤੇ ਪੁਲਿਸ ਮੁਲਾਜ਼ਮ ਹਸਪਤਾਲ 'ਚ ਦਾਖਲ ਹਨ। ਇਸ ਹਿੰਸਾ ਦੇ ਪਿੱਛੇ ਸੀਏਏ ਵਿਰੁੱਧ ਲਹਿਰ ਹੈ।

ਸੀਐਨਐਨ, ਯੂਐਸ:


ਭੀੜ ਦੁਕਾਨਾਂ ਨੂੰ ਅੱਗ ਲਾ ਰਹੀ ਸੀ, ਪੁਲਿਸ ਬੇਵੱਸ ਹੋ ਕੇ ਵੇਖ ਰਹੀ ਸੀ-

ਭਾਰਤ 'ਚ ਸੀਏਏ ਸਮਰਥਕਾਂ ਤੇ ਵਿਰੋਧੀਆਂ ਵਿਚਾਲੇ ਹੋਈ ਹਿੰਸਾ '20 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਹਿੰਸਾ ਸੋਮਵਾਰ ਨੂੰ ਸ਼ੁਰੂ ਹੋਈ ਸੀ, ਉਸੇ ਦਿਨ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਪਹੁੰਚੇ ਸੀ। ਪੁਲਿਸ ਨੇ ਅੱਥਰੂ ਗੈਸ ਛੱਡੇ ਜਾਣ ਦੇ ਬਾਵਜੂਦ, ਦੋਵੇਂ ਭਾਈਚਾਰਿਆਂ ਨੇ ਇੱਕ-ਦੂਜੇ 'ਤੇ ਪੱਥਰ ਮਾਰੇ। ਭੀੜ ਦੁਕਾਨਾਂ ਤੇ ਪੈਟਰੋਲ ਪੰਪਾਂ ਨੂੰ ਅੱਗ ਲਾ ਰਹੀ ਸੀ। ਪੁਲਿਸ ਬੇਵੱਸ ਹੋ ਕੇ ਦੇਖ ਰਹੀ ਸੀ। ਸੂਬੇ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਹਿ ਰਹੇ ਹਨ ਕਿ ਪੁਲਿਸ ਸਥਿਤੀ 'ਤੇ ਕਾਬੂ ਪਾਉਣ ਵਿੱਚ ਅਸਫਲ ਰਹੀ ਹੈ, ਇਸ ਲਈ ਫੌਜ ਬੁਲਾਉਣੀ ਚਾਹੀਦੀ ਹੈ।

ਗਾਰਡੀਅਨ, ਬ੍ਰਿਟੇਨ:


ਭਾਰਤ ਦੀ ਰਾਜਧਾਨੀ 'ਚ ਦਹਾਕੇ ਦੀ ਸਭ ਤੋਂ ਵੱਡੀ ਧਾਰਮਿਕ ਹਿੰਸਾ, ਡਰ ਕਰਕੇ ਕਈ ਬੇਘਰ ਹੋਏ-

ਭਾਰਤ ਦੀ ਰਾਜਧਾਨੀ ਦਿੱਲੀ 'ਚ ਦਹਾਕੇ ਦੀ ਸਭ ਤੋਂ ਵੱਡੀ ਧਾਰਮਿਕ ਹਿੰਸਾ ਵੇਖੀ ਗਈ ਹੈ। ਇਸ '20 ਤੋਂ ਜ਼ਿਆਦਾ ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਹਿੰਦੂਆਂ ਦੀ ਭੀੜ ਨੇ ਮੁਸਲਮਾਨਾਂ ਦੇ ਘਰਾਂ ਤੇ ਬਹੁਤ ਸਾਰੀਆਂ ਮਸਜਿਦਾਂ 'ਤੇ ਹਮਲਾ ਕੀਤਾ। ਐਤਵਾਰ ਨੂੰ ਹਿੰਸਾ ਭੜਕ ਗਈ ਜਦੋਂ ਹਿੰਦੂ ਤੇ ਮੁਸਲਿਮ ਸਮੂਹ ਇੱਕ-ਦੂਜੇ ਦੇ ਸਾਹਮਣੇ ਹੋਏ। ਹਿੰਸਾ ਦੇ ਤਿੰਨ ਦਿਨ ਹੋ ਗਏ ਹਨ। ਬੁੱਧਵਾਰ ਦੀਆਂ ਰਿਪੋਰਟਾਂ ਅਨੁਸਾਰ ਕੁਝ ਮੁਸਲਿਮ ਘਰਾਂ ਨੂੰ ਵੀ ਲੁੱਟਿਆ ਗਿਆ ਹੈ। ਹਿੰਸਾ ਦੇ ਡਰ ਕਾਰਨ ਬਹੁਤ ਸਾਰੇ ਲੋਕ ਬੇਘਰ ਹੋ ਗਏ। ਗੋਲੀਬਾਰੀ '200 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ।

ਬੀਬੀਸੀ, ਯੂਕੇ:


ਹਿੰਦੂਆਂ ਤੇ ਮੁਸਲਮਾਨਾਂ ਵਿਚਾਲੇ ਹੋਈ ਹਿੰਸਾ ਕਾਰਨ ਦਿੱਲੀ ਦੀ ਸਥਿਤੀ ਤਣਾਅਪੂਰਨ-

ਦਿੱਲੀ 'ਚ ਹਿੰਦੂਆਂ ਤੇ ਮੁਸਲਮਾਨਾਂ ਵਿਚਾਲੇ ਹਿੰਸਾ ਤੋਂ ਬਾਅਦ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਲਗਾਤਾਰ ਤੀਜੇ ਦਿਨ ਰਾਤ ਨੂੰ ਭੀੜ ਨੇ ਮੁਸਲਿਮ ਘਰਾਂ ਤੇ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ। ਹੁਣ ਤੱਕ 23 ਤੋਂ ਵੱਧ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਹਨ। ਰਾਜਧਾਨੀ 'ਚ ਇਸ ਦਹਾਕੇ ਦੀ ਇਹ ਸਭ ਤੋਂ ਵੱਡੀ ਹਿੰਸਾ ਹੈ। ਹਿੰਸਾ ਐਤਵਾਰ ਸ਼ਾਮ ਨੂੰ ਉਦੋਂ ਸ਼ੁਰੂ ਹੋਈ ਜਦੋਂ ਸੀਏਏ ਸਮਰਥਕ ਤੇ ਵਿਰੋਧੀਆਂ ਨੇ ਇੱਕ ਦੂਜੇ ਦੇ ਸਾਹਮਣੇ ਕਰ ਦਿੱਤਾ। ਹਿੰਦੂ ਤੇ ਮੁਸਲਮਾਨ ਕਈ ਤਸਵੀਰਾਂ 'ਚ ਇੱਕ ਦੂਜੇ 'ਤੇ ਹਮਲਾ ਕਰਦੇ ਨਜ਼ਰ ਆ ਰਹੇ ਹਨ।

ਅਲਜਜੀਰਾ, ਖਾੜੀ ਦੇਸ਼:

ਪੁਲਿਸ ਨੇ ਹਿੰਦੂ ਭੀੜ ਨੂੰ ਮੁਸਲਮਾਨਾਂ 'ਤੇ ਹਮਲਾ ਕਰਨ 'ਚ ਮਦਦ ਕੀਤੀ-

ਭਾਰਤ ਦੀ ਰਾਜਧਾਨੀ ਦਿੱਲੀ'ਚ ਦਹਾਕੇ ਦੀ ਸਭ ਤੋਂ ਵੱਡੀ ਹਿੰਸਾ ਵੇਖੀ ਗਈ ਹੈ। ਇੱਕ ਮਸਜਿਦ ਨੂੰ ਅੱਗ ਲਾਈ ਗਈ। ਪੁਲਿਸ 'ਤੇ ਦੋਸ਼ ਹੈ ਕਿ ਉਹ ਹਿੰਦੂ ਭੀੜ ਨੂੰ ਮੁਸਲਮਾਨਾਂ ਤੇ ਉਨ੍ਹਾਂ ਦੀ ਜਾਇਦਾਦ 'ਤੇ ਹਮਲਾ ਕਰਨ ਵਾਲੇ ਹਿੰਦੂਆਂ ਦੀ ਮਦਦ ਕਰ ਰਹੀ ਸੀ। ਭੀੜ ਜੈ ਸ਼੍ਰੀ ਰਾਮ ਦੇ ਨਾਅਰੇ ਲਾ ਰਹੀ ਸੀ। ਕਈ ਮੁਸਲਿਮ ਇਲਾਕਿਆਂ 'ਚ ਤਿੰਨ ਦਿਨਾਂ ਤੋਂ ਹਿੰਸਾ ਜਾਰੀ ਹੈ। ਹਿੰਸਾ ਉਸ ਸਮੇਂ ਭੜਕ ਉੱਠੀ ਜਦੋਂ ਕੁਝ ਲੋਕ ਸਿਟੀਜ਼ਨਸ਼ਿਪ ਸੋਧ ਬਿੱਲ ਵਿਰੁੱਧ ਧਰਨੇ 'ਤੇ ਬੈਠੇ ਸੀ।

ਡੌਨ, ਪਾਕਿਸਤਾਨ:


ਬੀਜੇਪੀ ਨੇਤਾ ਪੁਲਿਸ ਦੇ ਸਾਹਮਣੇ ਹੀ ਮੁਸਲਮਾਨਾਂ 'ਤੇ ਹਮਲੇ ਕਰਦੇ ਰਹੇ-

ਦਿੱਲੀ 'ਚ ਹਿੰਸਾ ਤਿੰਨ ਦਿਨਾਂ ਤੋਂ ਜਾਰੀ ਹੈ। ਇਸ ਹਿੰਸਾ ਦੇ ਪਿੱਛੇ ਪੁਲਿਸ ਦੀ ਅਣਗਹਿਲੀ ਆ ਰਹੀ ਹੈ, ਕਿਉਂਕਿ ਦਿੱਲੀ 'ਚ ਕਈ ਥਾਂਵਾਂ 'ਤੇ ਹਿੰਸਾ ਪੁਲਿਸ ਦੀ ਮਿਲੀਭੁਗਤ ਤੋਂ ਬਗੈਰ ਮੁਮਕਿਨ ਨਹੀਂ ਸੀ। ਗ੍ਰਹਿ ਮੰਤਰਾਲੇ ਵੀ ਅੰਨ੍ਹਾ ਬਣਿਆ ਰਿਹਾ। ਹਿੰਦੂ ਭੀੜ, ਮੁਸਲਿਮ ਇਲਾਕਿਆਂ 'ਚ ਪੁਲਿਸ ਸਾਹਮਣੇ ਹਿੰਸਾ ਕਰਦੀ ਰਹੀ।

ਇਸ ਭੀੜ ਵਿੱਚ ਸੱਤਾਧਾਰੀ ਪਾਰਟੀ ਭਾਜਪਾ ਦੇ ਨੇਤਾ ਵੀ ਸ਼ਾਮਲ ਸੀ। ਭਾਜਪਾ ਦੇ ਵੱਡੇ ਨੇਤਾ ਵੀ ਪੂਰੀ ਹਿੰਸਾ ‘ਤੇ ਚੁੱਪ ਰਹੇ। ਸਵਾਲ ਤਾਂ ਇਹ ਉੱਠ ਰਹੇ ਹਨ ਕਿ ਜੇ ਪੁਲਿਸ ਹਿੰਦੂ ਭੀੜ ਨੂੰ ਕਾਬੂ ਕਰਨ ਵਿਚ ਨਾਕਾਮਯਾਬ ਸੀ, ਤਾਂ ਸ਼ਾਂਤੀ ਵਿੱਚ ਮਦਦ ਲਈ ਫ਼ੌਜ ਦੀ ਮਦਦ ਕਿਉਂ ਨਹੀਂ ਮੰਗੀ। ਇਸ ਦੇ ਬਾਵਜੂਦ, ਦਿੱਲੀ ਪੁਲਿਸ ਇਹ ਕਹਿੰਦੀ ਰਹੀ ਕਿ ਸਥਿਤੀ ਕੰਟਰੋਲ ‘ਚ ਹੈ।