ਨਵੀਂ ਦਿੱਲੀ: ਭਾਰਤ ਦੇ ਸਾਬਕਾ ਉੱਪ ਰਾਸ਼ਟਰਪਤੀ ਹਾਮਿਦ ਅਨਸਾਰੀ ਦੀ ਕਿਤਾਬ ‘ਬਾਏ ਮੈਨੀ ਏ ਹੈਪੀ ਐਕਸੀਡੈਂਟ: ਰੀਕੁਲੈਕਸ਼ਨਜ਼ ਆਵ ਏ ਲਾਈਫ਼’ ਅੱਜ ਰਿਲੀਜ਼ ਕੀਤੀ ਗਈ ਹੈ। ਹਾਮਿਦ ਅਨਸਾਰੀ ਨੇ ਆਪਣੀ ਇਸ ਪੁਸਤਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਮਕਾਜ ਨੂੰ ਲੈ ਕੇ ਗੰਭੀਰ ਸੁਆਲ ਉਠਾਏ ਹਨ। ਨਰਿੰਦਰ ਮੋਦੀ ਬਾਰੇ ਇੱਕ ਕਿੱਸਾ ਸਾਂਝਾ ਕਰਦਿਆਂ ਅਨਸਾਰੀ ਹੁਰਾਂ ਲਿਖਿਆ ਹੈ ਕਿ ‘ਮੋਦੀ ਨੇ ਇੱਕ ਵਾਰ ਆਖਿਆ ਸੀ ਕਿ ਮੁਸਲਮਾਨਾਂ ਲਈ ਉਨ੍ਹਾਂ ਬਹੁਤ ਕੰਮ ਕੀਤਾ ਹੈ ਪਰ ਇਸ ਦਾ ਪ੍ਰਚਾਰ ਨਾ ਕੀਤਾ ਜਾਵੇ ਕਿਉਂਕਿ ਇਹ ਉਨ੍ਹਾਂ ਦੀ ਰਾਜਨੀਤੀ ਨੂੰ ਸੂਟ ਨਹੀਂ ਕਰਦਾ।’
ਹਾਮਿਦ ਅਨਸਾਰੀ ਨੇ ਆਪਣੀ ਇਸ ਜੀਵਨੀ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਗੁਜਰਾਤ ਵਿੱਚ ਗੋਧਰਾ ਕਾਂਡ ਦੇ ਬਾਅਦ ਦੇ ਦੰਗਿਆਂ ਸਮੇਤ ਅੱਜ ਪ੍ਰਧਾਨ ਮੰਤਰੀ ਵਜੋਂ ਦੇਸ਼ ਵਿੱਚ ਤਾਨਾਸ਼ਾਹੀ ਅੰਦਾਜ਼ ਵਿੱਚ ਸਰਕਾਰ ਚਲਾਉਣ ਤੇ ਸੰਸਦ ਵਿੱਚ ਮਨਚਾਹੇ ਤਰੀਕਿਆਂ ਨਾਲ ਕਾਨੂੰਨ ਪਾਸ ਕਰਵਾਉਣ ਜਿਹੇ ਕਈ ਇਲਜ਼ਾਮ ਲਾਏ ਹਨ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਕਿਤਾਬ ‘ਦ ਪ੍ਰੈਜ਼ੀਡੈਂਸ਼ੀਅਲ ਈਅਰਜ਼’ ਵਿੱਚ ਵੀ ਨੋਟਬੰਦੀ ਤੇ ਸੰਸਦ ਵਿੱਚ ਗ਼ੈਰ ਹਾਜ਼ਰੀ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਉੱਤੇ ਸੁਆਲ ਉਠਾਏ ਸਨ।
ਹਾਮਿਦ ਅਨਸਾਰੀ ਨੇ ਅੱਗੇ ਲਿਖਿਆ ਹੈ ਕਿ ਗੋਧਰਾ ਕਾਂਡ ਤੋਂ ਬਾਅਦ ਐਡੀਟਰਜ਼ ਗਿਲਡ ਦੀ ਇੱਕ ਜਾਂਚ ਕਮੇਟੀ ਨੇ ਜਦੋਂ ਗੁਜਰਾਤ ਦੇ ਉਦੋਂ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਤੋਂ ਦੰਗਿਆਂ ਬਾਰੇ ਸੁਆਲ ਪੁੱਛੇ ਸਨ, ਤਾਂ ਉਨ੍ਹਾਂ ਕੋਲ ਕੋਈ ਜਵਾਬ ਵੀ ਨਹੀਂ ਸੀ ਤੇ ਕੋਈ ਪਛਤਾਵਾ ਵੀ ਨਹੀਂ ਸੀ। ਸਾਬਕਾ ਉੱਪ ਰਾਸ਼ਟਰਪਤੀ ਨੇ ਲਿਖਿਆ ਹੈ ਕਿ ਇੱਕ ਵਾਰ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਆਖਿਆ ਸੀ ਕਿ ਉਹ ਉਨ੍ਹਾਂ ਦੀ ਸਰਕਾਰ ਨੂੰ ਸਹਿਯੋਗ ਨਹੀਂ ਦੇ ਰਹੇ ਤੇ ਨਾ ਹੀ ਰਾਜ ਸਭਾ ਟੀਵੀ ਐਨਡੀਏ ਸਰਕਾਰ ਦੇ ਹੱਕ ਵਿੱਚ ਖ਼ਬਰਾਂ ਪ੍ਰਸਾਰਿਤ ਕਰਦਾ ਹੈ।
ਅਨਸਾਰੀ ਨੇ ਇਹ ਵੀ ਦੋਸ਼ ਲਾਇਆ ਹੈ ਕਿ ਉਨ੍ਹਾਂ ਦੀ ਸੇਵਾ ਮੁਕਤੀ ਮੌਕੇ ਨਰਿੰਦਰ ਮੋਦੀ ਦੇ ਸੰਬੋਧਨ ਵਿੱਚ ਉਨ੍ਹਾਂ ਪ੍ਰਤੀ ਸਤਿਕਾਰ ਨਹੀਂ ਸੀ।