ਫਿਰੋਜ਼ਪੁਰ: ਪੰਜਾਬ ਸਰਕਾਰ ਨੇ ਪੰਜਾਬ ਵਿੱਚ ਅੱਜ ਤੋਂ ਸਰਾਕਰੀ ਬੱਸਾਂ ਵਿੱਚ ਮਹਿਲਾਵਾਂ ਤੇ ਲੜਕੀਆਂ ਨੂੰ ਸਫ਼ਰ ਫ੍ਰੀ ਕਰ ਦਿੱਤਾ ਹੈ। ਹੁਣ ਔਰਤਾਂ ਦੀ ਪੰਜਾਬ 'ਚ ਬਸ 'ਤੇ ਸਫ਼ਰ ਕਰਨ 'ਤੇ ਟਿਕਟ ਨਹੀਂ ਲੱਗੇਗੀ, ਪਰ ਉਨ੍ਹਾਂ ਨੂੰ ਆਪਣੇ ਕੋਲ ਪੰਜਾਬ ਦਾ ਕੋਈ ਪਛਾਣ ਪੱਤਰ ਰੱਖਣਾ ਪਵੇਗਾ।
ਇਸੇ ਤਹਿਤ ਜਦੋਂ ਫਿਰੋਜ਼ਪੁਰ ਬਸ ਸਟੈਂਡ 'ਤੇ ਜਾ ਕੇ ਮਹਿਲਾਵਾਂ ਨਾਲ ਗੱਲ ਕੀਤੀ ਤਾਂ ਕਈ ਮਹਿਲਾਵਾਂ ਨੇ ਪੰਜਾਬ ਸਰਕਾਰ ਦੇ ਫੈਸਲੇ ਦੀ ਸ਼ਲਾਘਾ ਕੀਤੀ ਤੇ ਕਈ ਮਹਿਲਾਵਾਂ ਨੇ ਕਿਹਾ ਕਿ ਇਹ ਮਹਿਜ਼ ਚੁਣਾਵੀ ਸਟੰਟ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਬੱਚਿਆਂ ਵਾਸਤੇ ਕੁਝ ਕਰਨਾ ਚਾਹੀਦਾ ਹੈ।
ਉੱਥੇ ਹੀ ਸਰਾਕਰੀ ਬਸ ਕੰਡਕਟਰ ਦਾ ਕਹਿਣਾ ਹੈ ਕਿ ਮਹਿਲਾਵਾਂ ਨੂੰ ਆਪਣੇ ਨਾਲ ਕੋਈ ਪਹਿਚਾਣ ਪੱਤਰ ਰੱਖਣਾ ਪਵੇਗਾ ਅਤੇ ਪੰਜਾਬ ਵਿੱਚ ਹੀ ਸਫ਼ਰ ਫ੍ਰੀ ਹੋਇਆ ਹੈ। ਉਧਰ ਪ੍ਰਾਈਵੇਟ ਬਸ ਕੰਡਕਟਰਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਉਨ੍ਹਾਂ ਦੀ ਰੋਜ਼ੀ ਰੋਟੀ ਖੋਈ ਹੈ। ਇਹ ਸਰਕਾਰ ਦਾ ਗ਼ਲਤ ਫੈਸਲਾ ਹੈ। ਇਸ ਨਾਲ ਪ੍ਰਾਈਵੇਟ ਬਸਾਂ ਵਿੱਚ ਮਹਿਲਾਵਾਂ ਨਹੀਂ ਬੈਠਣਗੀਆਂ।
ਦੱਸ ਦਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 5 ਮਾਰਚ ਨੂੰ ਵਿਧਾਨ ਸਭਾ ਵਿੱਚ ਔਰਤਾਂ ਨੂੰ ਮੁਫ਼ਤ ਸਫਰ ਦੀ ਸਹੂਲਤ ਦੇਣ ਦੀ ਯੋਜਨਾ ਦਾ ਐਲਾਨ ਕੀਤਾ ਸੀ। ਇਸ ਦਾ ਫਾਇਦਾ ਰਾਜ ਭਰ ਦੀਆਂ ਕਰੀਬ 1.31 ਕਰੋੜ ਔਰਤਾਂ/ਲੜਕੀਆਂ ਨੂੰ ਹੋਵੇਗਾ।
ਕਿਹੜੀਆਂ ਬੱਸਾਂ 'ਚ ਮਿਲੇਗੀ ਸਹੂਲਤ
ਇਸ ਸਕੀਮ ਤਹਿਤ ਔਰਤਾਂ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ), ਪੰਜਾਬ ਰੋਡਵੇਜ਼ ਬੱਸਿਜ਼ (ਪਨਬੱਸ) ਤੇ ਸਥਾਨਕ ਸਰਕਾਰਾਂ ਵੱਲੋਂ ਚਲਾਈ ਜਾਂਦੀ ਸਿਟੀ ਬੱਸ ਸਰਵਿਸ ਵਿੱਚ ਮੁਫ਼ਤ ਸਫਰ ਕਰ ਸਕਣਗੀਆਂ ਜਦੋਂ ਕਿ ਇਹ ਸਕੀਮ ਸਰਕਾਰੀ ਏਸੀ ਬੱਸਾਂ, ਵੌਲਵੋ ਬੱਸਾਂ ਤੇ ਐੱਚਵੀਏਸੀ ਬੱਸਾਂ ਵਿੱਚ ਲਾਗੂ ਨਹੀਂ ਹੋਵੇਗੀ।
ਕਿਸ ਕਿਸ ਨੂੰ ਮਿਲੀ ਸਹੂਲਤ
ਪੰਜਾਬ ਦੀਆਂ ਸਾਰੀਆਂ ਔਰਤਾਂ ਲਈ ਇਹ ਸਹੂਲਤ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਮੁਲਾਜ਼ਮ ਜਿਹੜੇ ਚੰਡੀਗੜ੍ਹ ਰਹਿੰਦੇ ਹਨ ਉਨ੍ਹਾਂ ਦੀਆਂ ਪਰਿਵਾਰਕ ਮੈਂਬਰ ਔਰਤਾਂ ਜਾਂ ਚੰਡੀਗੜ੍ਹ ਰਹਿਣ ਵਾਲੀਆਂ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਔਰਤਾਂ ਵੀ ਇਸ ਮੁਫਤ ਬੱਸ ਸਫਰ ਸਹੂਲਤ ਦਾ ਫਾਇਦਾ ਉਠਾ ਸਕਦੀਆਂ ਹਨ। ਫਿਰ ਭਾਵੇਂ ਉਹ ਕਿਸੇ ਵੀ ਉਮਰ ਵਰਗ ਜਾਂ ਆਮਦਨ ਦੇ ਘੇਰੇ ਵਿੱਚ ਆਉਂਦੀਆਂ ਹੋਣ। ਇਹ ਸਕੀਮ ਔਰਤਾਂ ਨੂੰ ਸਰਕਾਰੀ ਟਰਾਂਸਪੋਰਟ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰੇਗੀ।
ਕਿਹੜਾ ਦਸਤਾਵੇਜ਼ ਜ਼ਰੂਰੀ
ਸਫਰ ਦੌਰਾਨ ਪੰਜਾਬ ਦੀ ਰਿਹਾਇਸ਼ ਦੇ ਸਬੂਤ ਵਜੋਂ ਆਧਾਰ ਕਾਰਡ, ਵੋਟਰ ਕਾਰਡ ਜਾਂ ਕੋਈ ਹੋਰ ਦਸਤਾਵੇਜ਼ ਲੋੜੀਂਦਾ ਹੋਵੇਗਾ।