ਨਵੀਂ ਦਿੱਲੀ: ਅੱਜ 1 ਨਵੰਬਰ ਤੋਂ ਤੁਹਾਡੀ ਜ਼ਿੰਦਗੀ ਵਿੱਚ ਕਈ ਤਬਦੀਲੀਆਂ ਹੋ ਗਈਆਂ ਹਨ। ਰਸੋਈ ਗੈਸ ਦੇ ਸਿਲੰਡਰ ਤੋਂ ਲੈ ਕੇ ਰੇਲ ਗੱਡੀਆਂ ਦੇ ਟਾਈਮ ਟੇਬਲ ਤੱਕ ਸਭ ਕੁਝ ਬਦਲ ਗਿਆ ਹੈ। ਅਸੀਂ ਤੁਹਾਨੂੰ ਇੱਥੇ ਇਨ੍ਹਾਂ ਸਾਰੀਆਂ ਤਬਦੀਲੀਆਂ ਬਾਰੇ ਦੱਸਣ ਜਾ ਰਹੇ ਹਾਂ।
1. LPG ਡਿਲੀਵਰੀ ਸਿਸਟਮ ਬਦਲਿਆ: 1 ਨਵੰਬਰ ਤੋਂ LPG ਸਿਲੰਡਰ ਦੀ ਡਿਲੀਵਰੀ ਦਾ ਸਿਸਟਮ ਬਦਲ ਗਿਆ ਹੈ। ਤੇਲ ਕੰਪਨੀਆਂ ਨੇ ਇੱਕ ਨਵੰਬਰ ਤੋਂ ਡਿਲੀਵਰੀ ਔਥੈਂਟੀਕੇਸ਼ਨ ਕੋਡ (DAC) ਸਿਸਟਮ ਲਾਗੂ ਕਰ ਦਿੱਤਾ ਹੈ ਭਾਵ ਗੈਸ ਦੀ ਡਿਲੀਵਰੀ ਤੋਂ ਪਹਿਲਾਂ ਖਪਤਕਾਰ ਦੇ ਰਜਿਸਟਰਡ ਮੋਬਾਈਲ ਨੰਬਰ ਉੱਤੇ ਇੱਕ OTP ਭੇਜਿਆ ਜਾਵੇਗਾ। ਜਦੋਂ ਸਿਲੰਡਰ ਤੁਹਾਡੇ ਘਰ ਆਵੇਗਾ, ਤਾਂ ਉਸ OTP ਨੂੰ ਡਿਲੀਵਰੀ ਕਰਨ ਵਾਲੇ ਨਾਲ ਸ਼ੇਅਰ ਕਰਨਾ ਹੋਵੇਗਾ। ਜਦੋਂ OTP ਸਿਸਟਮ ਨਾਲ ਮੇਲ ਖਾਵੇਗਾ, ਤਦ ਹੀ ਤੁਹਾਨੂੰ ਸਿਲੰਡਰ ਦੀ ਡਿਲੀਵਰ ਮਿਲੇਗੀ।
ਜੇ ਕਿਸੇ ਖਪਤਕਾਰ ਦਾ ਮੋਬਾਈਲ ਨੰਬਰ ਅਪਡੇਟ ਨਹੀਂ, ਤਾਂ ਡਿਲੀਵਰੀ ਕਰਨ ਵਾਲੇ ਕੋਲ ਐਪ ਹੋਵੇਗੀ, ਜਿਸ ਰਾਹੀਂ ਤੁਰੰਤ ਹੀ ਆਪਣਾ ਨੰਬਰ ਅਪਡੇਟ ਕਰਵਾ ਸਕੋਗੇ।
2. INDANE ਗੈਸ ਬੁਕਿੰਗ ਨੰਬਰ ਬਦਲਿਆ: ਪਹਿਲੀ ਨਵੰਬਰ ਤੋਂ ਇੰਡੇਨ ਗਾਹਕਾਂ ਲਈ ਗੈਸ ਬੁੱਕ ਕਰਨ ਦਾ ਨੰਬਰ ਬਦਲ ਗਿਆ ਹੈ। ਇੰਡੀਅਨ ਆਇਲ ਨੇ ਦੱਸਿਆ ਕਿ ਪਹਿਲਾਂ ਰਸੋਈ ਗੈਸ ਬੁਕਿੰਗ ਲਈ ਦੇਸ਼ ਦੇ ਵੱਖੋ-ਵੱਖਰੇ ਸਰਕਲ ਲਈ ਅਲੱਗ-ਅਲੱਗ ਮੋਬਾਈਲ ਨੰਬਰ ਹੁੰਦੇ ਸਨ। ਹੁਣ ਦੇਸ਼ ਦੀ ਸਭ ਤੋਂ ਵੱਡੀ ਪੈਟਰੋਲੀਅਮ ਕੰਪਨੀ ਨੇ ਸਾਰੇ ਸਰਕਲਜ਼ ਲਈ ਇੱਕੋ ਨੰਬਰ ਜਾਰੀ ਕੀਤਾ ਹੈ। ਹੁਣ ਦੇਸ਼ ਭਰ ਦੇ ਗਾਹਕਾਂ ਨੂੰ ਐਲਪੀਜੀ ਸਿਲੰਡਰ ਬੁੱਕ ਕਰਵਾਉਣ ਲਈ 77189 55555 ਉੱਤੇ ਕਾਲ ਕਰਨੀ ਹੋਵੇਗੀ ਜਾਂ SMS ਭੇਜਣਾ ਹੋਵੇਗਾ।
3. ਪੈਸੇ ਕਢਵਾਉਣ ਤੇ ਜਮ੍ਹਾ ਕਰਵਾਉਣ ’ਤੇ ਲੱਗੇਗੀ ਫ਼ੀਸ: ਬੈਂਕ ਆਫ਼ ਬੜੌਦਾ (BoB) ਦੇ ਖਾਤਾਧਾਰਕਾਂ ਲਈ ਬੁਰੀ ਖ਼ਬਰ ਹੈ। ਪਹਿਲੀ ਨਵੰਬਰ ਤੋਂ ਬੈਂਕ ਆਫ਼ ਬੜੌਦਾ ਦੇ ਗਾਹਕਾਂ ਨੂੰ ਇੱਕ ਤੈਅ ਹੱਦ ਤੋਂ ਵੱਧ ਪੈਸਾ ਜਮ੍ਹਾ ਕਰਵਾਉਣ ਤੇ ਕਢਵਾਉਣ ਦੋਵਾਂ ਉੱਤੇ ਫ਼ੀਸ ਅਦਾ ਕਰਨੀ ਹੋਵੇਗੀ। ਬੈਂਕ ਆਫ਼ ਬੜੌਦਾ ਨੇ ਚਾਲੂ ਖਾਤਾ, ਕੈਸ਼ ਕ੍ਰੈਡਿਟ ਲਿਮਟ ਤੇ ਓਵਰਡ੍ਰਾਫ਼ਟ ਖਾਤੇ ’ਚੋਂ ਧਨ ਕਢਵਾਉਣ ਜਾਂ ਜਮ੍ਹਾ ਕਰਵਾਉਣ ਦੇ ਵੱਖਰੇ ਤੇ ਬੱਚਤ ਖਾਤੇ ਲਈ ਵੱਖਰੇ ਚਾਰਜ ਤੈਅ ਕੀਤੇ ਹਨ। ਲੋਨ ਅਕਾਊਂਟ ਲਈ ਮਹੀਨੇ ’ਚ ਤਿੰਨ ਵਾਰ ਤੋਂ ਬਾਅਦ ਜਿੰਨੀ ਵਾਰ ਵੀ ਵੱਧ ਪੈਸੇ ਕਢਵਾਓਗੇ, 150 ਰੁਪਏ ਹਰ ਵਾਰ ਦੇਣੇ ਪੈਣਗੇ। ਬੱਚਤ ਖਾਤੇ ਵਿੱਚ ਤਿੰਨ ਵਾਰ ਤੱਕ ਜਮ੍ਹਾ ਕਰਵਾਉਣਾ ਮੁਫ਼ਤ ਹੋਵੇਗਾ ਪਰ ਇਸ ਤੋਂ ਬਾਅਦ ਚੌਥੀ ਵਾਰ ਜਮ੍ਹਾ ਕਰਵਾਉਣ ’ਤੇ 40 ਰੁਪਏ ਅਦਾ ਕਰਨੇ ਹੋਣਗੇ।
ਉਂਝ ਜਨ-ਧਨ ਖਾਤਾ ਧਾਰਕਾਂ ਨੂੰ ਇਸ ਫ਼ੀਸ ਵਿੱਚ ਥੋੜ੍ਹੀ ਰਾਹਤ ਦਿੱਤੀ ਗਈ ਹੈ। ਉਨ੍ਹਾਂ ਨੂੰ ਪੈਸੇ ਜਮ੍ਹਾ ਕਰਵਾਉਣ ਲਈ ਤਾਂ ਕੋਈ ਫ਼ੀਸ ਦੇਣ ਦੀ ਲੋੜ ਨਹੀਂ ਹੋਵੇਗਾ ਪਰ ਪੈਸੇ ਕਢਵਾਉਣ ’ਤੇ ਉਨ੍ਹਾਂ ਨੂੰ 100 ਰੁਪਏ ਦੇਣੇ ਹੋਣਗੇ। ਸੀਨੀਅਰ ਨਾਗਰਿਕਾਂ ਨੂੰ ਵੀ ਚਾਰਜ ਤੋਂ ਕੋਈ ਰਾਹਤ ਨਹੀਂ ਦਿੱਤੀ ਗਈ ਹੈ। ਬਾਕੀ ਬੈਂਕ ਜਿਵੇਂ ਬੈਂਕ ਆਫ਼ ਇੰਡੀਆ, ਪੀਐਨਬੀ, ਐਕਸਿਸ ਤੇ ਸੈਂਟਰਲ ਬੈਂਕ ਵੀ ਛੇਤੀ ਹੀ ਅਜਿਹੇ ਚਾਰਜ ਲਾਉਣ ਬਾਰੇ ਫ਼ੈਸਲਾ ਲੈਣਗੇ।
ਚੰਗੀ ਖ਼ਬਰ! ਨਵੰਬਰ ਦੇ ਪਹਿਲੇ ਹਫਤੇ ਹੀ ਘੱਟ ਜਾਣਗੀਆਂ ਸਬਜ਼ੀ ਦੀਆਂ ਕੀਮਤਾਂ
4. SBI ਬੱਚਤ ਖਾਤਿਆਂ ਉੱਤੇ ਘੱਟ ਵਿਆਜ ਮਿਲੇਗਾ: 1 ਨਵੰਬਰ ਤੋਂ SBI ਦੇ ਵੀ ਕੁਝ ਅਹਿਮ ਨਿਯਮਾਂ ਵਿੱਚ ਤਬਦੀਲੀ ਹੋਣ ਜਾ ਰਹੀ ਹੈ। SBI ਦੇ ਬੱਚਤ ਖਾਤਿਆਂ ਉੱਤੇ ਘੱਟ ਵਿਆਜ ਮਿਲੇਗਾ। ਹੁਣ ਪਹਿਲੀ ਨਵੰਬਰ ਤੋਂ ਜਿਹੜੇ ਬੱਚਤ ਬੈਂਕ ਖਾਤੇ ਵਿੱਚ 1 ਲੱਖ ਰੁਪਏ ਤੱਕ ਦੀ ਰਾਸ਼ੀ ਜਮ੍ਹਾ ਹੈ, ਉਸ ਉੱਤੇ ਵਿਆਜ ਦੀ ਦਰ 0.25 ਫ਼ੀ ਸਦੀ ਘਟ ਕੇ 3.25 ਰਹਿ ਜਾਵੇਗੀ। ਜਦ ਕਿ 1 ਲੱਖ ਰੁਪਏ ਤੋਂ ਵੱਧ ਦੀ ਜਮ੍ਹਾ ਰਾਸ਼ੀ ਉੱਤੇ ਹੁਣ ਰੈਪੋ ਰੇਟ ਅਨੁਸਾਰ ਵਿਆਜ ਮਿਲੇਗਾ।
5. ਡਿਜੀਟਲ ਅਦਾਇਗੀ ਉੱਤੇ ਕੋਈ ਚਾਰਜ ਨਹੀਂ: ਪਹਿਲੀ ਨਵੰਬਰ ਤੋਂ ਹੁਣ 50 ਕਰੋੜ ਰੁਪਏ ਤੋਂ ਵੱਧ ਟਰਨਓਵਰ ਵਾਲੇ ਕਾਰੋਬਾਰੀਆਂ ਲਈ ਡਿਜੀਟਲ ਪੇਅਮੈਂਟ ਲੈਣੀ ਲਾਜ਼ਮੀ ਹੋਵੇਗੀ। RBI ਦਾ ਇਹ ਨਿਯਮ ਵੀ ਪਹਿਲੀ ਨਵੰਬਰ ਤੋਂ ਲਾਗੂ ਜਾਵੇਗਾ। ਨਵੀਂ ਵਿਵਸਥਾ ਮੁਤਾਬਕ ਗਾਹਕ ਜਾਂ ਵਪਾਰੀਆਂ ਤੋਂ ਡਿਜੀਟਲ ਪੇਮੈਂਟ ਲਈ ਕੋਈ ਵੀ ਫ਼ੀਸ ਜਾਂ ਮਰਚੈਂਟ ਡਿਸਕਾਊਂਟ ਰੇਟ ਨਹੀਂ ਵਸੂਲਿਆ ਜਾਵੇਗਾ। ਇਹ ਨਿਯਮ ਸਿਰਫ਼ 50 ਕਰੋੜ ਰੁਪਏ ਤੋਂ ਵੱਧ ਟਰਨਓਵਰ ਵਾਲਿਆਂ ਉੱਤੇ ਹੀ ਲਾਗੂ ਹੋਵੇਗਾ।
6. ਮਹਾਰਾਸ਼ਟਰ ਵਿੱਚ ਬੈਂਕ ਦਾ ਟਾਈਮ-ਟੇਬਲ ਬਦਲਿਆ: ਪਹਿਲੀ ਨਵੰਬਰ ਤੋਂ ਮਹਾਰਾਸ਼ਟਰ ਵਿੱਚ ਬੈਂਕਾਂ ਦਾ ਨਵਾਂ ਟਾਈਮ ਲਾਗੂ ਹੋਣ ਜਾ ਰਿਹਾ ਹੈ। ਹੁਣ ਇਸ ਸੂਬੇ ਦੇ ਸਾਰੇ ਬੈਂਕ ਇੱਕੋ ਹੀ ਸਮੇਂ ’ਤੇ ਖੁੱਲ੍ਹਣਗੇ ਤੇ ਇੱਕੋ ਹੀ ਸਮੇਂ ਉੱਤੇ ਬੰਦ ਹੋਣਗੇ। ਮਹਾਰਾਸ਼ਟਰ ’ਚ ਸਾਰੇ ਬੈਂਕ ਸਵੇਰੇ 9 ਵਜੇ ਖੁੱਲ੍ਹ ਕੇ ਸ਼ਾਮੀਂ 4 ਵਜੇ ਬੰਦ ਹੋਣਗੇ। ਇਹ ਨਿਯਮ ਜਨਤਕ ਖੇਤਰ ਦੇ ਬੈਂਕਾਂ ਉੱਤੇ ਲਾਗੂ ਹੋਵੇਗਾ। ਪਿੱਛੇ ਜਿਹੇ ਵਿੱਤ ਮੰਤਰਾਲੇ ਨੇ ਦੇਸ਼ ਵਿੱਚ ਬੈਂਕਾਂ ਦੇ ਕੰਮਕਾਜ ਦਾ ਸਮਾਂ ਇੱਕੋ ਜਿਹਾ ਕਰਨ ਦੀ ਹਦਾਇਤ ਜਾਰੀ ਕੀਤੀ ਸੀ। ਇਹ ਨਿਯਮ ਉਸ ਤੋਂ ਬਾਅਦ ਹੀ ਲਾਗੂ ਕੀਤਾ ਜਾ ਰਿਹਾ ਹੈ।
ਪੰਜਾਬ ਤੋਂ ਬਾਅਦ ਹੁਣ ਰਾਜਸਥਾਨ ਸਰਕਾਰ ਨੇ ਖੇਤੀ ਕਨੂੰਨਾਂ ਖਿਲਾਫ ਪੇਸ਼ ਕੀਤੇ ਬਿੱਲ
7. ਰੇਲਵੇ ਨੇ ਬਦਲਿਆ ਰੇਲ ਗੱਡੀਆਂ ਦਾ ਟਾਈਮ ਟੇਬਲ: ਰੇਲ ਗੱਡੀ ਦਾ ਸਫ਼ਰ ਕਰਨ ਜਾ ਰਹੇ ਹੋ, ਤਾਂ ਜ਼ਰੂਰ ਧਿਆਨ ਦੇਵੋ। ਪਹਿਲੀ ਨਵੰਬਰ ਤੋਂ ਭਾਰਤੀ ਰੇਲਵੇ ਸਮੁੱਚੇ ਦੇਸ਼ ਦੀਆਂ ਰੇਲ-ਗੱਡੀਆਂ ਦੇ ਟਾਈਮ ਟੇਬਲ ਬਦਲ ਗਿਆ ਹੈ। ਪਹਿਲਾਂ ਰੇਲ ਗੱਡੀਆਂ ਦਾ ਟਾਈਮ ਟੇਬਲ ਪਹਿਲੀ ਅਕਤੂਬਰ ਤੋਂ ਬਦਲਣ ਵਾਲਾ ਸੀ ਪਰ ਉਸ ਤਰੀਕ ਨੂੰ ਅੱਗੇ ਵਧਾ ਦਿੱਤਾ ਗਿਆ ਸੀ। ਹੁਣ ਬਦਲਿਆ ਹੋਇਆ ਟਾਈਮ ਟੇਬਲ ਪਹਿਲੀ ਨਵੰਬਰ ਤੋਂ ਲਾਗੂ ਹੋ ਗਿਆ ਹੈ। ਇਸ ਕਦਮ ਨਾਲ 1 ਹਜ਼ਾਰ ਯਾਤਰੀਆਂ ਤੇ 7 ਹਜ਼ਾਰ ਮਾਲ ਗੱਡੀਆਂ ਦੇ ਟਾਈਮ ਬਦਲ ਗਏ ਹਨ। ਦੇਸ਼ ਦੀਆਂ 30 ਰਾਜਧਾਨੀ ਰੇਲਾਂ ਦੇ ਟਾਈਮ ਟੇਬਲ ਵੀ 1 ਨਵੰਬਰ ਤੋਂ ਬਦਲ ਗਏ ਹਨ।
8. ਚੰਡੀਗੜ੍ਹ ਤੋਂ ਨਵੀਂ ਦਿੱਲੀ ਵਿਚਾਲੇ ਚੱਲੇਗੀ ਤੇਜਸ ਐਕਸਪ੍ਰੈੱਸ: ਪਹਿਲੀ ਨਵੰਬਰ ਤੋਂ ਬੁੱਧਵਾਰ ਨੂੰ ਛੱਡ ਕੇ ਚੰਡੀਗੜ੍ਹ ਤੋਂ ਨਵੀਂ ਦਿੱਲੀ ਵਿਚਾਲੇ ਤੇਜਸ ਐਕਸਪ੍ਰੈੱਸ ਚੱਲੇਗੀ। ਗੱਡੀ ਨੰਬਰ 22425 ਨਵੀਂ ਦਿੱਲੀ–ਚੰਡੀਗੜ੍ਹ ਤੇਜਸ ਐਕਸਪ੍ਰੈਸ; ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਹਰੇਕ ਸੋਮਵਾਰ, ਮੰਗਲਵਾਰ, ਵੀਰਵਾਰ, ਸ਼ੁੱਕਰਵਾਰ, ਸਨਿੱਚਰਵਾਰ ਤੇ ਐਤਵਾਰ ਨੂੰ ਸਵੇਰੇ 9:40 ਵਜੇ ਚੱਲੇਗੀ ਅਤੇ ਦੁਪਹਿਰ 12:40 ਵਜੇ ਚੰਡੀਗੜ੍ਹ ਰੇਲਵ ਸਟੇਸ਼ਨ ਪੁੱਜੇਗੀ। ਭਾਵ ਤੁਸੀਂ 3 ਘੰਟਿਆਂ ਵਿੱਚ ਚੰਡੀਗੜ੍ਹ ਪੁੱਜ ਸਕੋਗੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਅੱਜ ਤੋਂ ਬਦਲ ਗਏ ਤੁਹਾਡੀ ਜ਼ਿੰਦਗੀ ਨਾਲ ਜੁੜੇ ਅੱਠ ਨਿਯਮ, ਖੱਜਲ-ਖੁਆਰੀ ਤੋਂ ਬਚਣ ਲਈ ਜਾਣੋ ਨਵੇਂ ਰੂਲ
ਏਬੀਪੀ ਸਾਂਝਾ
Updated at:
01 Nov 2020 10:25 AM (IST)
ਅੱਜ 1 ਨਵੰਬਰ ਤੋਂ ਤੁਹਾਡੀ ਜ਼ਿੰਦਗੀ ਵਿੱਚ ਕਈ ਤਬਦੀਲੀਆਂ ਹੋ ਗਈਆਂ ਹਨ। ਰਸੋਈ ਗੈਸ ਦੇ ਸਿਲੰਡਰ ਤੋਂ ਲੈ ਕੇ ਰੇਲ ਗੱਡੀਆਂ ਦੇ ਟਾਈਮ ਟੇਬਲ ਤੱਕ ਸਭ ਕੁਝ ਬਦਲ ਗਿਆ ਹੈ। ਅਸੀਂ ਤੁਹਾਨੂੰ ਇੱਥੇ ਇਨ੍ਹਾਂ ਸਾਰੀਆਂ ਤਬਦੀਲੀਆਂ ਬਾਰੇ ਦੱਸਣ ਜਾ ਰਹੇ ਹਾਂ।
- - - - - - - - - Advertisement - - - - - - - - -