ਨਵੀਂ ਦਿੱਲੀ: ਭਾਰਤ ਤੇ ਚੀਨ ਵਿਚਾਲੇ ਚੱਲ ਰਹੇ ਵਿਵਾਦ ਦਰਮਿਆਨ ਇਸ ਨਾਲ ਸਬੰਧਤ ਫੇਕ ਨਿਊਜ਼ ਦਾ ਦੌਰ ਵੀ ਜਾਰੀ ਹੈ। ਸੋਸ਼ਲ ਮੀਡੀਆ ‘ਤੇ ਲਗਾਤਾਰ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ‘ਚ ਦੇਖਿਆ ਜਾ ਸਕਦਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਕਿਸੇ ਪਹਾੜੀ ਇਲਾਕੇ ‘ਚ ਭਾਰਤੀ ਸੈਨਾ ਨੂੰ ਸੰਬੋਧਨ ਕਰ ਰਹੀ ਹੈ।


ਤਸਵੀਰ ਨੂੰ ਲੈ ਕੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਿੱਥੇ ਭਾਰਤ ਤੇ ਚੀਨ ਦਰਮਿਆਨ ਸੰਘਰਸ਼ ਚੱਲ ਰਿਹਾ ਹੈ, ਉਸ ਹੀ ਗਲਵਾਨ ਵੈਲੀ ‘ਚ ਇੰਦਰਾ ਗਾਂਧੀ ਸੈਨਾ ਨੂੰ ਸੰਬੋਧਨ ਕਰ ਰਹੀ ਹੈ। ਬਹੁਤ ਸਾਰੇ ਸੋਸ਼ਲ ਮੀਡੀਆ ਉਪਭੋਗਤਾਵਾਂ ਤੋਂ ਇਲਾਵਾ, ਤਸਵੀਰ ਨੂੰ ਉੱਤਰ ਪ੍ਰਦੇਸ਼ ਕਾਂਗਰਸ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਵੀ ਸਾਂਝਾ ਕੀਤਾ ਗਿਆ ਹੈ। ਤਸਵੀਰ ਨਾਲ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੰਦਰਾ ਗਾਂਧੀ ਉਸੇ ਗਲਵਾਨ ਵੈਲੀ ‘ਚ ਸੈਨਿਕਾਂ ਨੂੰ ਸੰਬੋਧਨ ਕਰ ਰਹੀ ਹੈ ਜਿੱਥੇ ਇਸ ਸਮੇਂ ਭਾਰਤ ਤੇ ਚੀਨ ਵਿਚਾਲੇ ਟਕਰਾਅ ਚੱਲ ਰਿਹਾ ਹੈ।


ਕਈ ਟਵਿੱਟਰ ਹੈਂਡਲ ਜਿਵੇਂ ਕਿ "ਯੂਪੀ ਕਾਂਗਰਸ", "ਸਪਿਰਟ ਆਫ ਕਾਂਗਰਸ" ਤੇ "ਇੰਦਰਾ ਗਾਂਧੀ" ਨੇ ਇਸ ਤਸਵੀਰ ਨੂੰ ਅਜਿਹੇ ਦਾਅਵਿਆਂ ਨਾਲ ਟਵੀਟ ਕੀਤਾ ਹੈ। ਇਹ ਸਾਰੇ ਟਵੀਟ ਵਾਇਰਲ ਹੋ ਰਹੇ ਹਨ।


ਇਸੇ ਫੋਟੋ ਨੂੰ ਵੈਰੀਫਾਈਡ ਟਵਿੱਟਰ ਹੈਂਡਲ “ਦਿੱਲੀ ਕਾਂਗਰਸ” ਤੇ ਕਾਂਗਰਸ ਨੇਤਾ “ਅਲਕਾ ਲਾਂਬਾ” ਨੇ  ਰੀਟਵੀਟ ਕੀਤਾ ਹੈ।  "ਇੰਡੀਅਨ ਨੈਸ਼ਨਲ ਕਾਂਗਰਸ-ਉੱਤਰ ਪ੍ਰਦੇਸ਼" ਤੇ "ਯੂਪੀ ਈਸਟ ਯੂਥ ਕਾਂਗਰਸ" ਵਰਗੇ ਬਹੁਤ ਸਾਰੇ ਵੈਰੀਫਾਈਡ  ਕੀਤੇ ਫੇਸਬੁੱਕ ਪੇਜ ਨੇ ਵੀ ਇਹੀ ਤਸਵੀਰ ਉਸੇ ਦਾਅਵਿਆਂ ਨਾਲ ਸਾਂਝੀ ਕੀਤੀ ਹੈ। ਇਹ ਪੋਸਟ ਫੇਸਬੁੱਕ 'ਤੇ ਵੀ ਵਾਇਰਲ ਹੈ।



ਇਹ ਤਸਵੀਰ ਪ੍ਰੈਸ ਟਰੱਸਟ ਆਫ ਇੰਡੀਆ (PTI) ਨੇ 1971 ਵਿੱਚ ਪ੍ਰਕਾਸ਼ਤ ਕੀਤੀ ਸੀ। ਇੰਦਰਾ ਗਾਂਧੀ ਲੇਹ ਵਿੱਚ ਸੈਨਿਕਾਂ ਨੂੰ ਸੰਬੋਧਨ ਕਰ ਰਹੀ ਸੀ, ਜੋ ਗਲਵਾਨ ਵੈਲੀ ਤੋਂ ਲਗਪਗ 220 ਕਿਲੋਮੀਟਰ ਦੀ ਦੂਰੀ ‘ਤੇ ਹੈ।


ਪੀਟੀਆਈ ਅਨੁਸਾਰ, ਇਹ ਤਸਵੀਰ 1971 ਵਿੱਚ ਲੇਹ ਵਿੱਚ ਲਈ ਗਈ ਸੀ। ਨਿਊਜ਼ ਏਜੰਸੀ ਨੇ ਇਸ ਫੋਟੋ ਦਾ ਸਿਹਰਾ ਡੀਪੀਆਰ (ਰੱਖਿਆ) ਨੂੰ ਦਿੱਤਾ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ