ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਸਰਕਾਰ ਨੂੰ ਐਚ-1ਬੀ ਵੀਜ਼ਾ ਪ੍ਰਣਾਲੀ ਵਿੱਚ ਸੁਧਾਰ ਲਿਆਉਣ ਤੇ ਮੈਰਿਟ ਅਧਾਰਤ ਇਮੀਗ੍ਰੇਸ਼ਨ ਵੱਲ ਵਧਣ ਦੇ ਨਿਰਦੇਸ਼ ਦਿੱਤੇ ਹਨ। ਇਹ ਜਾਣਕਾਰੀ ਵ੍ਹਾਈਟ ਹਾਊਸ ਦੇ ਅਧਿਕਾਰੀਆਂ ਨੇ ਦਿੱਤੀ। ਇਸ ਸਾਲ ਦੇ ਅੰਤ ਤੱਕ ਟਰੰਪ ਨੇ ਐਚ-1ਬੀ ਵੀਜ਼ਾ ਸਣੇ ਵਰਕ ਵੀਜ਼ਿਆਂ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰਨ ਦਾ ਆਦੇਸ਼ ਜਾਰੀ ਕੀਤਾ।

ਇਸ ਦਾ ਸਭ ਤੋਂ ਵੱਡਾ ਅਸਰ ਭਾਰਤੀਆਂ 'ਤੇ ਪਏਗਾ। ਐਚ-1ਬੀ ਵੀਜ਼ਾ ਰਾਹੀਂ ਭਾਰਤੀ ਪੇਸ਼ਾਵਰ ਹੀ ਸਭ ਤੋਂ ਵੱਧ ਅਮਰੀਕਾ ਜਾਂਦੇ ਹਨ। ਟਰੰਪ ਪਹਿਲਾਂ ਵੀ ਅਜਿਹੇ ਸੰਕੇਤ ਦੇ ਰਹੇ ਸੀ ਪਰ ਭਾਰਤ ਸਰਕਾਰ ਦੇ ਰੋਸ ਕਰਕੇ ਉਹ ਇਸ ਨੂੰ ਟਾਲ ਰਹੇ ਸੀ। ਹੁਣ ਕੋਰੋਨਾ ਸੰਕਟ ਤੇ ਚੋਣਾਂ ਨੇੜੇ ਹੋਣ ਕਰਕੇ ਟਰੰਪ ਨੇ ਵੱਡਾ ਫੈਸਲਾ ਲਿਆ ਹੈ।

ਇਮੀਗ੍ਰੇਸ਼ਨ ਮਾਹਿਰਾਂ ਦਾ ਮੰਨਣਾ ਹੈ ਕਿ ਟਰੰਪ ਸਰਕਾਰ ਵੱਲੋਂ ਐਚ-1 ਬੀ ਵੀਜ਼ਾ ਜਾਰੀ ਕਰਨ 'ਤੇ ਆਰਜ਼ੀ ਪਾਬੰਦੀ ਭਾਰਤੀ ਪੇਸ਼ੇਵਰਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਐਚ-1 ਬੀ ਵੀਜ਼ਾ ਇੱਕ ਗੈਰ-ਪ੍ਰਵਾਸੀ ਵੀਜ਼ਾ ਹੈ, ਜੋ ਯੂਐਸ ਕੰਪਨੀਆਂ ਨੂੰ ਕੁਝ ਕਿੱਤਿਆਂ ਵਿੱਚ ਵਿਦੇਸ਼ੀ ਪੇਸ਼ੇਵਰਾਂ ਨੂੰ ਲਗਾਉਣ ਦੀ ਇਜਾਜ਼ਤ ਦਿੰਦਾ ਹੈ। ਇਸ ਦੀ ਵੱਡੀ ਮੰਗ ਭਾਰਤੀ ਆਈਟੀ ਪੇਸ਼ੇਵਰਾਂ ‘ਚ ਹੈ। ਅਮਰੀਕਾ ਵਿਚ ਹਰ ਸਾਲ 85,000 ਐਚ-1ਬੀ ਜਾਰੀ ਕਰਨ ਦੀ ਸੀਮਾ ਹੁੰਦੀ ਹੈ। ਅਧਿਕਾਰੀ ਨੇ ਦੱਸਿਆ ਕਿ ਪਿਛਲੇ ਸਾਲ ਇਸ ਵੀਜ਼ਾ ਲਈ 2,25,000 ਅਰਜ਼ੀਆਂ ਪ੍ਰਾਪਤ ਹੋਈਆਂ ਸੀ।

ਵ੍ਹਾਈਟ ਹਾਊਸ ਨੇ ਇੱਕ ਬਿਆਨ ਵਿੱਚ ਕਿਹਾ, “ਅਮਰੀਕਾ ਮੈਰਿਟ ਅਧਾਰਤ ਇਮੀਗ੍ਰੇਸ਼ਨ ਪ੍ਰਣਾਲੀ ਵੱਲ ਵਧ ਰਿਹਾ ਹੈ।” ਟਰੰਪ ਸਰਕਾਰ ਵਧੇਰੇ ਹੁਨਰਮੰਦ ਕਾਮਿਆਂ ਨੂੰ ਪਹਿਲ ਦੇਣ ਤੇ ਅਮਰੀਕੀ ਨਾਗਰਿਕਾਂ ਦੀਆਂ ਨੌਕਰੀਆਂ ਦੀ ਰਾਖੀ ਲਈ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਸੁਧਾਰ ਕਰੇਗੀ।

ਵ੍ਹਾਈਟ ਹਾਊਸ ਨੇ ਕਿਹਾ ਕਿ ਇਨ੍ਹਾਂ ਸੁਧਾਰਾਂ ਦੇ ਤਹਿਤ ਐਚ-1ਬੀ ਵੀਜ਼ਾ ਪ੍ਰੋਗਰਾਮ ‘ਚ ਉਨ੍ਹਾਂ ਲੋਕਾਂ ਨੂੰ ਪਹਿਲ ਦਿੱਤੀ ਜਾਵੇਗੀ ਜਿਨ੍ਹਾਂ ਨੂੰ ਕਾਫ਼ੀ ਜ਼ਿਆਦਾ ਤਨਖਾਹ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਟਰੰਪ ਸਰਕਾਰ ਸਾਰੀਆਂ ਖਾਮੀਆਂ ਨੂੰ ਵੀ ਦੂਰ ਕਰੇਗੀ। ਇਸ ਦਾ ਫਾਇਦਾ ਉਠਾਉਂਦਿਆਂ ਕੰਪਨੀਆਂ ਅਮਰੀਕੀ ਕਾਮਿਆਂ ਦੀ ਥਾਂ ਸਸਤੇ ਵਿਦੇਸ਼ੀ ਕਾਮਿਆਂ ਨੂੰ ਰੱਖਦੀਆਂ ਹੈ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904