ਨਵੀਂ ਦਿੱਲੀ: ਦੇਸ਼ ਲਈ ਨਵੇਂ ਥਲ ਸੈਨਾ ਮੁਖੀ ਦੇ ਤੌਰ ‘ਤੇ ਅੱਜ ਜਨਰਲ ਮਨੋਜ ਮੁਕੁੰਦ ਨਰਵਾਣੇ ਨੇ ਕਮਾਨ ਸੰਭਾਲ ਲਈ ਹੈ। ਸਾਬਕਾ ਸੈਨਾ ਮੁਖੀ ਬਿਪਿਨ ਰਾਵਤ ਨੇ ਉਨ੍ਹਾਂ ਨੂੰ ਸੈਨਾ ਦੀ ਕਮਾਨ ਸੌਂਪੀ ਹੈ। ਐਮਐਨ ਨਰਵਾਣੇ ਦੇਸ਼ ਦੇ 28ਵੇਂ ਸੈਨਾ ਮੁਖੀ ਹੋਣਗੇ ਤੇ ਅਗਲੇ ਤਿੰਨ ਸਾਲ ਤਕ ਇਸ ਅਹੁਦੇ ‘ਤੇ ਬਣੇ ਰਹਿਣਗੇ। ਜਦਕਿ ਦੂਜੇ ਪਾਸੇ ਬਿਪਿਨ ਰਾਵਤ 65 ਸਾਲ ਦੀ ਉਮਰ ਤਕ ਦੇਸ਼ ਦੇ ਪਹਿਲੇ ਚੀਫ਼ ਆਫ਼ ਡਿਫੈਂਸ ਹੋਣਗੇ।

ਐਮਐਮ ਨਰਵਾਣੇ ਸੈਨਾ ‘ਚ ਬਹਾਦਰੀ ਤੇ ਸਮਰਪਣ ਲਈ, ਪਰਮ ਵਿਸ਼ਿਸ਼ਟ ਸੇਵਾ ਮੈਡਲ, ਅਤੀ ਵਿਸ਼ਿਸ਼ਟ ਸੇਵਾ ਮੈਡਲ, ਸੈਨਾ ਮੈਡਲ ਤੇ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਹਨ। ਮਨੋਜ ਮੁਕੁੰਦ ਨਰਵਾਨੇ 39 ਸਾਲਾਂ ਦੀ ਸ਼ਾਨਦਾਰ ਸੇਵਾ ਤੋਂ ਬਾਅਦ ਅੱਜ ਭਾਰਤੀ ਸੈਨਾ ਦੇ ਸਿਖਰ 'ਤੇ ਪਹੁੰਚ ਗਏ ਹਨ। ਜੂਨ 1980 'ਚ ਸਿੱਖ ਲਾਈਟ ਇਨਫੈਂਟਰੀ ਰੈਜੀਮੈਂਟ ਦੀ 7ਵੀਂ ਬਟਾਲੀਅਨ ਨਾਲ ਨੌਕਰੀ ਦੀ ਸ਼ੁਰੂਆਤ ਕਰਨ ਵਾਲੇ ਨਰਵਾਣੇ ਨੂੰ ਅੱਤਵਾਦ ਰੋਕੂ ਕਾਰਜਾਂ ਤੇ ਚੀਨ ਦੇ ਮਾਮਲਿਆਂ 'ਚ ਮਾਹਰ ਮੰਨਿਆ ਜਾਂਦਾ ਹੈ।


ਨਰਵਾਨੇ ਕੋਲ ਉੱਤਰ ਪੂਰਬ ਭਾਰਤ ਤੇ ਜੰਮੂ ਕਸ਼ਮੀਰ ਦੇ ਗੜਬੜ ਵਾਲੇ ਖੇਤਰਾਂ 'ਚ ਕੰਮ ਕਰਨ ਦਾ ਲੰਮਾ ਤਜਰਬਾ ਹੈ। ਉਹ ਸ਼੍ਰੀਲੰਕਾ 'ਚ ਐਲਟੀਟੀਈ ਖਿਲਾਫ ਭਾਰਤੀ ਫੌਜ ਦੇ ਆਪ੍ਰੇਸ਼ਨ ਪਵਨ ਦਾ ਵੀ ਹਿੱਸਾ ਰਿਹਾ ਹੈ। ਉਹ ਮਿਆਂਮਾਰ 'ਚ ਭਾਰਤ ਦੇ ਰੱਖਿਆ ਅਟੈਚੀ ਵਜੋਂ ਸੇਵਾ ਨਿਭਾਅ ਚੁੱਕਾ ਹੈ। ਆਉਣ ਵਾਲੇ ਸਾਲਾਂ 'ਚ ਉਨ੍ਹਾਂ ਲਈ ਸਭ ਤੋਂ ਵੱਡੀ ਚੁਣੌਤੀ ਪਾਕਿਸਤਾਨ ਦੁਆਰਾ ਸਪਾਂਸਰ ਕੀਤੇ ਅੱਤਵਾਦ ਤੇ ਡੋਕਲਾਮ ਵਰਗੀਆਂ ਚੀਨ ਦੀਆਂ ਚਾਲਾਂ ਨਾਲ ਨਜਿੱਠਣ ਦੀ ਹੋਵੇਗੀ।