ਸੰਤ ਗਿਆਨੀ ਮੋਹਨ ਸਿੰਘ ਜੀ ਭਿੰਡਰ ਕਲਾਂ ਟਕਸਾਲ ਅੱਜ ਅਕਾਲ ਚਲਾਣਾ ਕਰ ਗਏ ਹਨ। ਇਸ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਬਾਬਾ ਜੀ ਬਹੁਤ ਹੀ ਉੱਚ ਕੋਟੀ ਦੇ ਵਿਦਵਾਨ, ਉੱਚੇ–ਸੁੱਚੇ ਜੀਵਨ, ਮਿੱਠ ਬੋਲੜੇ ਅਤੇ ਸੰਤ ਸੁਭਾਅ ਦੇ ਮਾਲਕ ਸੀ।ਬਾਬਾ ਜੀ ਨੇ ਆਪਣੇ ਜੀਵਨ 'ਚ ਹਜ਼ਾਰਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਾਇਆ।


ਉਨ੍ਹਾਂ ਕਿਹਾ ਭਾਵੇਂ ਜੰਮਣਾ ਅਤੇ ਮਰਨਾ ਪ੍ਰਭੂ ਦੇ ਭਾਣੇ ਵਿਚ ਹੀ ਹੈ ਪਰ ਫਿਰ ਵੀ ਜਦੋਂ ਕੋਈ ਨਾਮ ਜਪਣ ਵਾਲੀ ਰੂਹ ਧਰਤੀ ਤੋਂ ਜਾਂਦੀ ਹੈ ਤਾਂ ਸੰਸਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪੈਂਦਾ ਹੈ।ਉਨ੍ਹਾਂ ਕਿਹਾ ਅਸੀਂ ਅਕਾਲ ਪੁਰਖ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨ੍ਹਾਂ 'ਚ ਅਰਦਾਸ ਕਰਦੇ ਹਾਂ ਕਿ ਪਰਮਾਤਮਾਂ ਉਨ੍ਹਾਂ ਦੀ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ ਕਰਨ।


ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਵੀ ਗਿਆਨੀ ਮੋਹਨ ਸਿੰਘ ਭਿੰਡਰ ਕਲਾਂ ਟਕਸਾਲ ਵਾਲਿਆਂ ਦੇ ਅਕਾਲ ਚਲਾਣੇ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸੰਤ ਗਿਆਨੀ ਮੋਹਨ ਸਿੰਘ ਨੇ ਧਰਮ ਪ੍ਰਚਾਰ ਦੇ ਖੇਤਰ 'ਚ ਲੰਮਾ ਅਰਸਾ ਸੇਵਾ ਨਿਭਾਈ ਅਤੇ ਇਸ ਦੌਰਾਨ ਉਨ੍ਹਾਂ ਨੇ ਹਜ਼ਾਰਾਂ ਪ੍ਰਾਣੀਆਂ ਨੂੰ ਅੰਮ੍ਰਿਤ ਪਾਨ ਕਰਵਾਇਆ। ਉਨ੍ਹਾਂ ਕਿਹਾ ਕਿ ਸੰਤ ਗਿਆਨੀ ਮੋਹਨ ਸਿੰਘ ਦੇ ਚਲਾਣੇ ਨਾਲ ਧਰਮ ਪ੍ਰਚਾਰ ਖੇਤਰ 'ਚ ਵੱਡਾ ਘਾਟਾ ਪਿਆ ਹੈ, ਜਿਸ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ।