ਚੰਡੀਗੜ੍ਹ: ਪੀਜੀਆਈ 'ਚ ਡਾਕਟਰਾਂ ਦੀ ਟੀਮ ਨੇ 22 ਸਾਲਾ ਨੌਜਵਾਨ ਦੇ ਪ੍ਰਾਈਵੇਟ ਪਾਰਟ ਵਿੱਚੋਂ ਕੱਚ ਦੀ ਬੋਤਲ ਕੱਢੀ ਹੈ। ਨੌਜਵਾਨ ਯੂਪੀ ਦੇ ਮੁਰਾਦਾਬਾਦ ਦਾ ਰਹਿਣ ਵਾਲਾ ਹੈ ਤੇ ਚੰਡੀਗੜ੍ਹ 'ਚ ਮੌਲੀਜਾਗਰਾਂ 'ਚ ਆਪਣੀ ਮਾਂ ਨੂੰ ਮਿਲਣ ਆਇਆ ਸੀ। ਉਹ ਟ੍ਰੇਨ 'ਚ ਮੁਰਾਦਾਬਾਦ ਤੋਂ ਚੰਡੀਗੜ੍ਹ ਆਇਆ। ਇਸ ਦੌਰਾਨ ਉਸ ਨੇ ਇੱਕ ਹੋਰ ਵਿਅਕਤੀ ਨਾਲ ਸਫਰ 'ਚ ਸ਼ਰਾਬ ਪੀਤੀ। ਨਸ਼ੇ 'ਚ ਧੁੱਤ ਹੋਏ ਵਿਅਕਤੀ ਨੇ ਉਸ ਦੇ ਪ੍ਰਾਈਵੇਟ ਪਾਰਟ 'ਚ ਕੱਚ ਦੀ ਬੋਤਲ ਪਾ ਦਿੱਤੀ ਸੀ।


ਇਸ ਦਾ ਖੁਲਾਸਾ ਉਦੋਂ ਹੋਇਆ ਜਦੋਂ ਘਰ ਆ ਉਸ ਦੇ ਢਿੱਡ 'ਚ ਦਰਦ ਹੋਇਆ। ਉਸ ਨੂੰ ਇਲਾਜ ਲਈ ਪੰਚਕੂਲਾ ਦੇ ਸੈਕਟਰ 6 ਦੇ ਸਿਵਲ ਹਸਪਤਾਲ ਭਰਤੀ ਕੀਤਾ ਗਿਆ। ਜਿੱਥੇ ਉਸ ਦੀ ਹਾਲਤ ਨੂੰ ਗੰਭੀਰ ਵੇਖਦੇ ਹੋਏ, ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ। ਇੱਥੇ ਉਸ ਦੇ ਪ੍ਰਾਈਵੇਟ ਪਾਰਟ ਤੇ ਢਿੱਡ ਦਾ ਐਕਸ-ਰੇਅ ਕੀਤਾ ਗਿਆ ਜਿਸ 'ਚ ਪਤਾ ਲੱਗਿਆ ਕਿ ਉਸ ਦੇ ਪ੍ਰਾਈਵੇਟ ਪਾਰਟ 'ਚ ਕੱਚ ਦੀ ਬੋਤਲ ਹੈ। ਇਸ ਤੋਂ ਬਾਅਦ ਅਪ੍ਰੇਸ਼ਨ ਕਰ ਬੋਤਲ ਨੂੰ ਕੱਢਿਆ ਗਿਆ।

ਚੰਡੀਗੜ੍ਹ ਜੀਆਰਪੀ ਦੇ ਐਸਐਚਓ ਨਰੇਸ਼ ਕੁਮਾਰ ਨੇ ਦੱਸਿਆ ਕਿ ਨੌਜਵਾਨ ਦੇ ਬਿਆਨਾਂ ਦੇ ਅਧਾਰ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਦੀ ਭਾਲ ਲਈ ਮੁਰਾਦਾਬਾਦ, ਅੰਬਾਲਾ ਤੇ ਚੰਡੀਗੜ੍ਹ ਰੇਲਵੇ ਸਟੇਸ਼ਨਾਂ ਦੇ ਸੀਸੀਟੀਵੀ ਕੈਮਰਿਆਂ ਦੀ ਭਾਲ ਕੀਤੀ ਜਾ ਰਹੀ ਹੈ। ਚੰਡੀਗੜ੍ਹ ਜੀਆਰਪੀ ਨੇ ਜ਼ੀਰੋ ਐਫਆਈਆਰ ਦਰਜ ਕਰਕੇ ਕੇਸ ਨੂੰ ਮੁਰਾਦਾਬਾਦ ਪੁਲਿਸ ਨੂੰ ਭੇਜ ਦਿੱਤਾ ਹੈ। ਇਸ ਮਾਮਲੇ 'ਚ ਉੱਤਰ ਪ੍ਰਦੇਸ਼ ਪੁਲਿਸ ਨੇ ਜ਼ੀਰੋ ਐਫਆਈਆਰ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।