ਸਿਰਸਾ: ਕਿਸੇ ਵੇਲੇ ਦੂਜਿਆਂ ਸੂਬਿਆਂ ਦੇ ਲੋਕ ਪੰਜਾਬ ਤੇ ਹਰਿਆਣਾ ਵਿੱਚ ਰੁਜਗਾਰ ਦੀ ਭਾਲ ਵਿੱਚ ਆਉਂਦੇ ਸੀ ਪਰ ਅੱਜ ਇਨ੍ਹਾਂ ਖੁਸ਼ਹਾਲ ਸਮਝੇ ਜਾਣ ਵਾਲੇ ਸੂਬਿਆਂ ਵਿੱਚ ਬੇਰੁਜ਼ਗਾਰੀ ਜਾਨਾਂ ਲੈਣ ਲੱਗੀ ਹੈ। ਹਰਿਆਣਾ ਦੇ ਸਿਰਸਾ ਵਿੱਚ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ। ਇੱਥੇ ਫਰੈਂਡਜ਼ ਕਲੋਨੀ ਵਾਸੀ ਭੈਣ-ਭਰਾ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਤੇ ਆਪਣੀਆਂ ਨਸਾਂ ਕੱਟ ਕੇ ਖੁਦਕੁਸ਼ੀ ਕਰ ਲਈ। ਉੱਚ-ਸਿੱਖਿਆ ਪ੍ਰਾਪਤ ਇਹ ਭੈਣ-ਭਰਾ ਨੌਕਰੀ ਲੱਗਣ ਲਈ ਕੋਚਿੰਗ ਲੈ ਰਹੇ ਸਨ।


ਹਾਸਲ ਜਾਣਕਾਰੀ ਅਨੁਸਾਰ ਫਰੈਂਡਜ਼ ਕਲੋਨੀ ਵਾਸੀ ਓਮ ਪ੍ਰਕਾਸ਼ ਦੀ ਧੀ ਅਨੀਤਾ (38) ਤੇ ਪੁੱਤਰ ਪ੍ਰਦੀਪ (35) ਬੇਰੁਜ਼ਗਾਰ ਸਨ ਤੇ ਦੋਵੇਂ ਜਣੇ ਨੌਕਰੀ ਲੱਗਣ ਲਈ ਕੋਚਿੰਗ ਲੈ ਰਹੇ ਸਨ। ਅਨੀਤਾ ਐਮਏ ਪਾਸ ਸੀ ਤੇ ਉਸ ਦਾ ਭਰਾ ਪ੍ਰਦੀਪ ਬੀਏ ਪਾਸ ਸੀ। ਸ਼ਨੀਵਾਰ ਰਾਤ ਦੋਵੇਂ ਜਣੇ ਖਾਣਾ ਖਾਣ ਮਗਰੋਂ ਆਪੋ-ਆਪਣੇ ਕਮਰੇ ਵਿੱਚ ਸੌਣ ਲਈ ਚਲੇ ਗਏ। ਐਤਵਾਰ ਸਵੇਰੇ ਜਦੋਂ ਉਹ ਨਾ ਉੱਠੇ ਤਾਂ ਪਰਿਵਾਰਕ ਮੈਂਬਰਾਂ ਨੇ ਕਮਰਿਆਂ ਵਿੱਚ ਜਾ ਕੇ ਦੇਖਿਆ।

ਦੋਵੇਂ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਪਏ ਸਨ। ਤੁਰੰਤ ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਦੀ ਮੁੱਢਲੀ ਜਾਂਚ ਅਨੁਸਾਰ ਦੋਵਾਂ ਵੱਲੋਂ ਕੋਈ ਜ਼ਹਿਰੀਲੀ ਚੀਜ਼ ਨਿਗਲੀ ਗਈ। ਇਹ ਵੀ ਦੱਸਿਆ ਗਿਆ ਹੈ ਕਿ ਦੋਵਾਂ ਦੇ ਹੱਥਾਂ ਦੀਆਂ ਨਸਾਂ ਵੀ ਕੱਟੀਆਂ ਹੋਈਆਂ ਸਨ। ਮ੍ਰਿਤਕਾਂ ਦੇ ਪਿਤਾ ਮੁਤਾਬਕ ਦੋਵੇਂ ਨੌਕਰੀ ਨਾ ਮਿਲਣ ਕਾਰਨ ਡਿਪਰੈਸ਼ਨ ਵਿੱਚ ਰਹਿੰਦੇ ਸਨ।