ਗਗਨਦੀਪ ਸ਼ਰਮਾ


ਅੰਮ੍ਰਿਤਸਰ: ਅਜਨਾਲਾ ਹਲਕੇ ਦੇ ਸਾਬਕਾ ਅਕਾਲੀ ਵਿਧਾਇਕ ਅਮਰਪਾਲ ਸਿੰਘ ਬੋਨੀ ਦੀ ਸ਼੍ਰੋਮਣੀ ਅਕਾਲੀ ਦਲ 'ਚ ਵਾਪਸੀ ਫਿਲਹਾਲ ਟਲ ਗਈ ਹੈ। ਇਸ ਪਿੱਛੇ ਮੁੱਖ ਕਾਰਨ ਮਾਝੇ ਦੇ ਪ੍ਰਮੁੱਖ ਅਕਾਲੀ ਆਗੂ ਤੇ ਬਾਦਲ ਪਰਿਵਾਰ ਦੇ ਨਜ਼ਦੀਕੀ ਰਿਸ਼ਤੇਦਾਰ ਬਿਕਰਮ ਸਿੰਘ ਮਜੀਠੀਆ ਦੀ ਨਾਰਾਜ਼ਗੀ ਦੱਸੀ ਜਾ ਰਹੀ ਹੈ। ਇਸ ਕਾਰਨ ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਪਣੇ ਪੈਰ ਪਿਛਾਂਹ ਖਿੱਚਦੇ ਹੋਏ ਬੋਨੀ ਅਜਨਾਲਾ ਦੀ ਅਕਾਲੀ ਦਲ 'ਚ ਸ਼ਮੂਲੀਅਤ ਨੂੰ ਹਾਲ ਦੀ ਘੜੀ ਟਾਲ ਦਿੱਤਾ ਹੈ।


ਦਰਅਸਲ ਸੁਖਦੇਵ ਸਿੰਘ ਢੀਡਸਾ ਤੇ ਪਰਮਿੰਦਰ ਢੀਡਸਾ ਅਕਾਲੀ ਦਲ ਤੋਂ ਬਾਗੀ ਹੋਣ ਕਾਰਨ ਸੁਖਬੀਰ ਬਾਦਲ ਅਜਨਾਲਾ ਤੋਂ ਸਾਬਕਾ ਅਕਾਲੀ ਵਿਧਾਇਕ ਅਮਰਪਾਲ ਸਿੰਘ ਬੋਨੀ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰਕੇ ਵੱਡਾ ਝਟਕਾ ਦੇਣਾ ਚਾਹੁੰਦੇ ਸਨ। ਸੁਖਬੀਰ ਬਾਦਲ ਨੇ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਤੇ ਅਜਨਾਲਾ ਪਰਿਵਾਰ ਦੇ ਅਕਾਲੀ ਦਲ ਵਿੱਚੋਂ ਬਾਗੀ ਹੋਣ ਦੀ ਘਟਨਾ ਨੂੰ ਗੰਭੀਰ ਨਹੀਂ ਲਿਆ ਪਰ ਢੀਂਡਸਿਆਂ ਦੇ ਵੱਖ ਹੋਣ ਨਾਲ ਸੁਖਬੀਰ ਬਾਦਲ ਨੂੰ ਜ਼ਰੂਰ ਝਟਕਾ ਲੱਗਾ ਹੈ। ਸੁਖਬੀਰ ਬਾਦਲ ਇਸ ਲਈ ਟਕਸਾਲੀਆਂ ਨੂੰ ਇਸ ਦਾ ਜਵਾਬ ਦੇਣਾ ਚਾਹੁੰਦੇ ਸੀ। ਇਸ ਲਈ ਚਰਚਾ ਹੈ ਕਿ ਸੁਖਬੀਰ ਤੇ ਬੋਨੀ ਵਿਚਾਲੇ ਮੀਟਿੰਗ ਵੀ ਹੋ ਚੁੱਕੀ ਸੀ।

ਸੂਤਰਾਂ ਮੁਤਾਬਕ ਸੁਖਬੀਰ ਨੇ ਇਸ ਬਾਰੇ ਬਿਕਰਮ ਮਜੀਠੀਆ ਨੂੰ ਦੱਸ ਤਾਂ ਦਿੱਤਾ ਸੀ ਪਰ ਬਿਕਰਮ ਅਸਹਿਮਤ ਦੱਸੇ ਜਾਂਦੇ ਹਨ, ਕਿਉਂਕਿ ਬੋਨੀ ਅਜਨਾਲਾ ਨੇ ਟਕਸਾਲੀ ਅਕਾਲੀ ਦਲ ਦੇ ਗਠਨ ਮੌਕੇ ਸਭ ਤੋਂ ਵੱਧ ਮਜੀਠੀਆ 'ਤੇ ਹਮਲੇ ਕੀਤੇ ਸਨ ਤੇ ਨਿੱਜੀ ਦੂਸ਼ਣਬਾਜੀ ਕੀਤੀ ਸੀ। ਇਸ ਕਾਰਨ ਮਜੀਠੀਆ ਬੋਨੀ 'ਤੇ ਕਾਫੀ ਔਖੇ ਸਨ। ਇਸੇ ਕਰਕੇ ਬਿਕਰਮ ਮਜੀਠੀਆ ਨੇ ਅਜਨਾਲਾ ਹਲਕੇ ਦੀ ਵਾਗਡੋਰ ਆਪਣੇ ਹੱਥਾਂ ਲੈਂਦਿਆਂ ਆਪਣੇ ਨਜ਼ਦੀਕੀ ਸਾਥੀ ਜੋਧ ਸਿੰਘ ਸਮਰਾ ਨੂੰ ਅਜਨਾਲਾ ਹਲਕੇ ਦਾ ਅਕਾਲੀ ਦਲ ਵੱਲੋਂ ਇੰਚਾਰਜ ਥਾਪ ਦਿੱਤਾ ਸੀ। ਇਸ ਦਾ ਐਲਾਨ ਵੀ ਸੁਖਬੀਰ ਬਾਦਲ ਨੇ ਖੁਦ ਅਜਨਾਲਾ ਜਾ ਕੇ ਕੀਤਾ ਸੀ।

ਸੂਤਰਾਂ ਮੁਤਾਬਕ ਸੁਖਬੀਰ ਬਾਦਲ ਦੀ ਬੀਤੇ ਕੱਲ੍ਹ ਅੰਮ੍ਰਿਤਸਰ ਦੀ ਫੇਰੀ ਦੌਰਾਨ ਸੁਖਬੀਰ ਬਾਦਲ ਦਾ ਬੋਨੀ ਅਜਨਾਲਾ ਦੇ ਘਰ ਜਾਣ ਦਾ ਪ੍ਰੋਗਰਾਮ ਸੀ, ਜੋ ਐਨ ਮੌਕੇ 'ਤੇ ਰੱਦ ਹੋ ਗਿਆ। ਇਸ ਤੋਂ ਬਾਅਦ ਸੁਖਬੀਰ ਨੇ ਅਕਾਲੀ ਨੇਤਾ ਵਿਰਸਾ ਸਿੰਘ ਵਲਟੋਹਾ ਦੇ ਘਰ ਮਾਝੇ ਦੇ ਅਕਾਲੀ ਆਗੂਆਂ ਨਾਲ ਮੀਟਿੰਗ ਕੀਤੀ ਤੇ 13 ਫਰਵਰੀ ਦੀ ਰੈਲੀ ਬਾਰੇ ਚਰਚਾ ਕੀਤੀ। ਇਸ ਮੀਟਿੰਗ ਵਿੱਚ ਬਿਕਰਮ ਮਜੀਠੀਆ ਤੇ ਅਜਨਾਲਾ ਦੇ ਇੰਚਾਰਜ ਜੋਧ ਸਿੰਘ ਸਮਰਾ ਗੈਰਹਾਜ਼ਰ ਰਹੇ।

ਇਸ ਮਾਮਲੇ 'ਤੇ ਜਿੱਥੇ ਸੁਖਬੀਰ ਬਾਦਲ ਕਹਿ ਰਹੇ ਨੇ ਬੋਨੀ ਅਜਨਾਲਾ ਜੇ ਚਾਹੁਣ ਤਾਂ ਆਪਣੀ ਮਾਂ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਪਰ ਹਾਲੇ ਤਕ ਬਿਕਰਮ ਮਜੀਠੀਆ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ। ਸੂਤਰਾਂ ਮੁਤਾਬਕ ਬਿਕਰਮ ਮਜੀਠੀਆ ਬੋਨੀ ਤੋਂ ਨਾਰਾਜ ਹਨ। ਇਸ ਤੋਂ ਪਹਿਲਾਂ ਵੀ ਪਿਛਲੀ ਅਕਾਲੀ ਸਰਕਾਰ ਵੇਲੇ ਬਿਕਰਮ ਮਜੀਠੀਆ ਤੇ ਬੋਨੀ ਅਜਨਾਲਾ ਵਿਚਾਲੇ ਕਈ ਵਾਰ ਮਤਭੇਦ ਹੋ ਚੁੱਕੇ ਹਨ।

ਹੁਣ ਚਰਚਾ ਚਲ ਰਹੀ ਹੈ ਕਿ 13 ਫਰਵਰੀ ਨੂੰ ਬੋਨੀ ਦੇ ਅਕਾਲੀ ਦਲ ਦੀ ਰੈਲੀ ਚ ਸ਼ਾਮਲ ਹੋਣ ਦੀਆਂ ਸੰਭਾਵਨਾ ਘੱਟ ਹੈ ਭਾਵੇਂਕਿ ਮਾਝੇ ਨਾਲ ਜੁੜੇ ਸਾਰੇ ਫੈਸਲੇ ਅਕਾਲੀ ਦਲ ਵੱਲੋਂ ਬਿਕਰਮ ਮਜੀਠੀਆ ਦੀ ਸਹਿਮਤੀ ਨਾਲ ਲਏ ਜਾਂਦੇ ਹਨ ਪਰ ਇਸ ਮਾਮਲੇ ਵਿੱਚ ਸੁਖਬੀਰ ਬਾਦਲ ਟਕਸਾਲੀਆਂ ਨੂੰ ਝਟਕਾ ਦੇਣ ਦੇ ਚੱਕਰ ਵਿੱਚ ਕਾਹਲੀ ਕਰਨ ਦੇ ਚੱਕਰ ਵਿੱਚ ਸੀ ਜੋ ਬਿਕਰਮ ਮਜੀਠੀਆ ਦੇ ਗਲੇ ਨਹੀਂ ਉੱਤਰੀ। ਦੂਜੇ ਪਾਸੇ ਬੋਨੀ ਅਜਨਾਲਾ ਨੇ ਸੰਪਰਕ ਕਰਨ 'ਤੇ ਕਿਹਾ ਕਿ ਉਹ ਪੰਥ ਦੀ ਚੜਦੀ ਕਲਾ ਦੇ ਹਮਾਇਤੀ ਰਹੇ ਹਨ ਤੇ 13 ਫਰਵਰੀ ਤੋਂ ਬਾਅਦ ਮੀਡੀਆ ਨਾਲ ਗੱਲ ਕਰਨਗੇ।