ਬਰਨਾਲਾ: ਸੰਯੁਕਤ ਕਿਸਾਨ ਮੋਰਚੇ ਵੱਲੋਂ ਬਰਨਾਲਾ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਅੱਜ 372 ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਬੁਲਾਰਿਆਂ ਨੇ ਅੱਜ ਲਖੀਮਪੁਰ ਖੀਰੀ ਦੀ ਬੇਹੱਦ ਦੁੱਖਦਾਈ, ਭਟਕਾਊ ਤੇ ਨਿੰਦਾਜਨਕ ਘਟਨਾ ਦੀ ਚੀਰਫਾੜ ਕੀਤੀ। ਇਨ੍ਹਾਂ ਬੇਹੱਦ ਭਟਕਾਊ ਪਲਾਂ ਦੌਰਾਨ ਵੀ ਅੰਦੋਲਨ ਨੂੰ ਸ਼ਾਂਤਮਈ ਰੱਖਣ ਲਈ ਮੋਰਚੇ ਦੀ ਲੀਡਰਸ਼ਿਪ ਤੇ ਤਮਾਮ ਅੰਦੋਲਨਕਾਰੀਆਂ ਦਾ ਧੰਨਵਾਦ ਵੀ ਕੀਤਾ। ਆਗੂਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਦੀ ਵਾਜਬੀਅਤ ਤੇ ਨੈਤਿਕ ਸਚਾਈ ਮੂਹਰੇ ਬੇਬਸ ਸਰਕਾਰ ਨੇ ਹੁਣ ਅੰਦੋਲਨ ਨੂੰ ਹਿੰਸਕ ਬਣਾਉਣ ਦੀਆਂ ਸਾਜਿਸ਼ਾਂ ਰਚ ਰਹੀ ਹੈ।
ਉਨ੍ਹਾਂ ਕਿਹਾ ਦੇਸ਼ ਦਾ ਗ੍ਰਹਿ ਰਾਜ ਮੰਤਰੀ 'ਦੋ ਦਿਨ 'ਚ ਸਿੱਧੇ ਕਰਨ' ਵਾਲਾ ਤੇ ਖੱਟਰ ਦਾ 'ਜੈਸੇ ਨੂੰ ਤੈਸਾ' ਵਾਲਾ ਬਿਆਨ ਅਤੇ ਹੁਣ ਲਖੀਮਪੁਰ ਖੀਰੀ ਦਾ ਦਰਦਨਾਕ ਕਾਂਡ, ਸਭ ਇੱਕੋ ਸਾਜਿਸ਼ ਦੀਆਂ ਕੜੀਆਂ ਹਨ। ਸਾਜਿਸ਼ ਇਹ ਕਿ ਕਿਸਾਨਾਂ ਨੂੰ ਭਟਕਾਅ ਕੇ ਅੰਦੋਲਨ ਨੂੰ ਹਿੰਸਕ ਬਣਾਇਆ ਜਾਵੇ ਤਾਂ ਜੋ ਇਸ ਵਿਰੁੱਧ ਬਲ-ਪ੍ਰਯੋਗ ਨੂੰ ਵਾਜਬ ਠਹਿਰਾਇਆ ਜਾ ਸਕੇ। ਪਰ ਸਾਡੀ ਲੀਡਰਸ਼ਿਪ ਤੇ ਅੰਦੋਲਨਕਾਰੀਆਂ ਦੀ ਪ੍ਰਪੱਕ ਸੂਝ- ਬੂਝ ਨੇ ਇਨ੍ਹਾਂ ਭਟਕਾਊ ਪਲਾਂ 'ਚ ਵੀ ਅੰਦੋਲਨ ਨੂੰ ਸ਼ਾਤਮਈ ਬਣਾਈ ਰੱਖਿਆ।
ਕਿਸਾਨ ਲੀਡਰਾਂ ਨੇ ਦੱਸਿਆ ਕਿ ਅੱਜ ਮਹਾਨ ਇਨਕਲਾਬੀ ਭਗਵਤੀ ਚਰਨ ਵੋਹਰਾ ਦੀ ਪਤਨੀ ਅਤੇ ਇਨਕਲਾਬੀ ਸਰਗਰਮੀਆਂ 'ਚ ਵਧ ਚੜ੍ਹ ਕੇ ਹਿੱਸਾ ਲੈਣ ਵਾਲੀ ਦੁਰਗਾ ਭਾਬੀ ਦਾ ਜਨਮ ਦਿਨ ਸੀ। ਸਾਂਡਰਸ ਕਾਂਡ ਤੋਂ ਬਾਅਦ ਸ਼ਹੀਦ ਭਗਤ ਨੂੰ ਸੁਰੱਖਿਅਤ ਲਾਹੌਰ ਸ਼ਹਿਰ 'ਚੋਂ ਬਾਹਰ ਕੱਢਣ ਵਿੱਚ ਉਨ੍ਹਾਂ ਨੇ ਅਹਿਮ ਰੋਲ ਅਦਾ ਕੀਤਾ। ਅੱਜ ਬੁਲਾਰਿਆਂ ਨੇ ਉਨ੍ਹਾਂ ਦੀ ਕੁਰਬਾਨੀ ਬਾਰੇ ਚਰਚਾ ਕਰਦਿਆਂ ਭਾਵ-ਪੂਰਤ ਸਿਜਦਾ ਕੀਤਾ।
ਬੁਲਾਰਿਆਂ ਨੇ ਅੱਜ ਲਖੀਮਪੁਰ ਖੀਰੀ ਕਾਂਡ ਦੀ ਭਾਰਤੀ ਗੋਦੀ ਮੀਡੀਆ ਵੱਲੋਂ ਕੀਤੀ ਇੱਕਪਾਸੜ ਕਵਰੇਜ ਦੀ ਨਿਖੇਧੀ ਕੀਤੀ। ਸੋਸ਼ਲ ਮੀਡੀਆ ਉਪਰ ਆ ਰਹੀਆਂ ਸਪੱਸ਼ਟ ਵੀਡੀਓਜ਼ ਦੇ ਬਾਵਜੂਦ ਗੋਦੀ ਮੀਡੀਆ ਟੀਵੀ ਚੈਨਲ ਤੇ ਅਖਬਾਰ ਇਸ ਸਾਰੀ ਘਟਨਾ ਨੂੰ ਕਿਸਾਨਾਂ ਦੇ ਵਿਰੁੱਧ ਤੇ ਸਰਕਾਰ ਦੇ ਹੱਕ ਵਿੱਚ ਭੁਗਤਾਉਣ ਲਈ ਤਾਹੂ ਹਨ। ਗੋਦੀ ਮੀਡੀਆ ਐਂਕਰ ਟੀਵੀ ਬਹਿਸਾਂ ਵਿੱਚ ਕਿਸਾਨ ਅੰਦੋਲਨ ਵਿਰੋਧੀ ਬਿਰਤਾਂਤ ਸਿਰਜ ਰਹੇ ਹਨ।
ਆਗੂਆਂ ਨੇ ਕਿਸਾਨਾਂ ਨੂੰ ਸਿਰਫ ਕੁੱਝ ਕੁ ਨਿਰਪੱਖ ਬਚੇ ਹੋਏ ਟੀਵੀ ਚੈਨਲਾਂ ਤੇ ਅਖਬਾਰਾਂ 'ਤੇ ਭਰੋਸਾ ਕਰਨ ਲਈ ਕਿਹਾ। ਅਸਲ ਵਿੱਚ ਸਾਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਚਲਾਏ ਜਾ ਰਹੇ ਸੋਸ਼ਲ ਮੀਡੀਆ ਮੰਚਾਂ 'ਤੇ ਟੇਕ ਰੱਖਣ ਦੀ ਸਲਾਹ ਦਿੱਤੀ ਅਤੇ ਅਫਵਾਹਾਂ ਤੋਂ ਬਚਣ ਲਈ ਸਤਰਕ ਰਹਿਣ ਲਈ ਕਿਹਾ।