ਫਿਰੋਜ਼ਪੁਰ: ਫਿਰੋਜ਼ਪੁਰ ਅਧੀਨ ਆਉਂਦੇ ਪਿੰਡ ਕਿਲੀ ਵਾਲੇ ਝੁੱਗੇ ਦੇ ਗ੍ਰੰਥੀ ਵੱਲੋਂ ਇਕ ਮੰਦਬੁੱਧੀ ਔਰਤ ਨਾਲ ਜਬਰ-ਜਨਾਹ ਦੀ ਇਕ ਵੀਡੀਓ ਵਾਇਰਲ ਹੋਣ ਦਾ ਮਾਮਲਾ ਗਰਮਾ ਗਿਆ ਹੈ। ਗ੍ਰੰਥੀ ਵੱਲੋਂ ਮੰਦਬੁੱਧੀ ਔਰਤ ਨਾਲ ਸਰੀਰਕ ਸਬੰਧ ਬਣਾਏ ਜਾਣ ਸਬੰਧੀ ਕਿਸੇ ਵਿਅਕਤੀ ਵੱਲੋਂ ਵੀਡੀਓ ਬਣਾ ਲਈ ਗਈ ਅਤੇ ਉਸ ਤੋਂ ਬਾਅਦ ਉਸ ਨੂੰ ਵਾਇਰਲ ਕਰ ਦਿੱਤਾ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਗ੍ਰੰਥੀ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਇਹ ਕੁਕਰਮ ਕਰ ਰਿਹਾ ਸੀ।
ਇਸ ਦਾ ਪਿੰਡ ਵਾਲਿਆਂ ਵੱਲੋਂ ਵੀ ਸਖ਼ਤ ਵਿਰੋਧ ਕੀਤਾ ਗਿਆ ਅਤੇ ਜਿਉਂ ਹੀ ਸਿੱਖ ਜਥੇਬੰਦੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ(ਮਹਿਤਾ) ਨੂੰ ਪਤਾ ਚੱਲਿਆ ਅਤੇ ਉਨ੍ਹਾਂ ਨੇ ਭਾਈ ਜਸਪਾਲ ਸਿੰਘ ਦੀ ਅਗਵਾਈ 'ਚ ਮੌਕੇ 'ਤੇ ਪਹੁੰਚ ਕੇ ਇਸ ਘਟਨਾ ਦਾ ਸਖ਼ਤ ਨੋਟਿਸ ਲਿਆ। ਉਨ੍ਹਾਂ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਇਸ ਘਟਨਾ ਦਾ ਜਾਇਜ਼ਾ ਲਿਆ ਅਤੇ ਇਹ ਜਾਣ ਕੇ ਉਨ੍ਹਾਂ ਨੇ ਦੁਖੀ ਹਿਰਦੇ ਨਾਲ ਕਿਹਾ ਕਿ ਜੋ ਇਹ ਕੁਕਰਮ ਗੁਰੂ ਗ੍ਰੰਥ ਸਾਹਿਬ ਦੇ ਆਸਣ ਕੋਲ ਕੀਤਾ ਗਿਆ ਹੈ, ਜਿਸ ਨਾਲ ਉਨ੍ਹਾਂ ਦਾ ਹਿਰਦਾ ਵਲੂੰਧਰਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਉਹ ਗ੍ਰੰਥੀ ਨੂੰ ਲੱਭ ਕੇ ਕਾਨੂੰਨੀ ਕਾਰਵਾਈ ਕਰਵਾਉਣਗੇ। ਦੂਜੇ ਪਾਸੇ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਲਈ ਸ਼ਰਮ ਦੀ ਗੱਲ ਹੈ ਕਿ ਇਹ ਘਟਨਾ ਉਨ੍ਹਾਂ ਦੇ ਪਿੰਡ ਵਿਚ ਹੋਈ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਜਿਸ ਔਰਤ ਨਾਲ ਉਸ ਨੇ ਕੁਕਰਮ ਕੀਤਾ ਹੈ ਉਹ ਔਰਤ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਹੈ ਅਤੇ ਇਸ ਦਾ ਫ਼ਾਇਦਾ ਉਠਾਉਂਦਿਆਂ ਗ੍ਰੰਥੀ ਸਿੰਘ ਨੇ ਕੁਕਰਮ ਕੀਤਾ ਹੈ।