ਗੁਰਦਾਸਪੁਰ: ਗੁਰਦਾਸਪੁਰ ਦੇ ਕਸਬਾ ਘੁਮਾਣ 'ਚ 12ਵੀਂ ਜਮਾਤ ਦੇ ਵਿਦਿਆਰਥੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਸੀਨੀਅਰ ਸੈਕੰਡਰੀ ਸਕੂਲ ਘੁਮਾਣ ਦਾ 12ਵੀਂ ਜਮਾਤ ਦਾ ਵਿਦਿਆਰਥੀ ਜਦ ਸਕੂਲ ਦੇ ਗੇਟ ਬਾਹਰ ਨਿਕਲਿਆ ਤਾਂ ਕੁਝ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਉਸ 'ਤੇ ਹਮਲਾ ਕੀਤਾ ਗਿਆ। ਜਾਣਕਾਰੀ ਮੁਤਾਬਕ 18 ਸਾਲ ਦਾ ਸਿਮਰਨਜੀਤ ਸਿੰਘ 12ਵੀਂ ਕਲਾਸ ਦੇ ਪੇਪਰ ਦੇਣ ਲਈ ਸਕੂਲ ਆਇਆ ਸੀ।  


 


ਉਹ ਜਦੋਂ ਪੇਪਰ ਦੇ ਕੇ ਆਪਣੇ 9ਵੀਂ ਕਲਾਸ ਵਿੱਚ ਪੜ੍ਹਦੇ ਭਰਾ ਹਰਮਨਦੀਪ ਸਿੰਘ ਦੇ ਨਾਲ ਸਕੂਲ ਦੇ ਗੇਟ ਤੋਂ ਬਾਹਰ ਆਇਆ ਤਾਂ ਪਹਿਲਾਂ ਤੋਂ ਹੀ ਉੱਥੇ ਖੜ੍ਹੇ ਨੌਜਵਾਨਾਂ ਵੱਲੋਂ ਸਿਮਰਨਜੀਤ ਸਿੰਘ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਇਸ ਕਾਰਨ ਸਿਮਰਨਜੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਉਸ ਦੇ ਭਰਾ ਹਰਮਨਦੀਪ ਸਿੰਘ ਨੇ ਭੱਜ ਕੇ ਆਪਣੀ ਜਾਨ ਬਚਾਈ। ਜ਼ਖ਼ਮੀ ਸਿਮਰਨਜੀਤ ਸਿੰਘ ਨੂੰ ਸਕੂਲ ਦੇ ਅਧਿਆਪਕਾਂ ਦੇ ਵੱਲੋਂ ਸਰਕਾਰੀ ਹਸਪਤਾਲ ਘੁਮਾਣ ਵਿੱਚ ਲੈ ਜਾਇਆ ਗਿਆ।


 


ਇੱਥੇ ਡਾਕਟਰਾਂ ਵੱਲੋਂ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਪਰ ਰਸਤੇ ਵਿੱਚ ਹੀ ਸਿਮਰਨਜੀਤ ਸਿੰਘ ਦੀ ਮੌਤ ਹੋ ਗਈ। ਇਸ ਸਬੰਧੀ ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਵਿਰੁੱਧ ਮੁਕੱਦਮਾ ਦਰਜ ਕਰ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ। ਉੱਥੇ ਹੀ ਸਕੂਲ ਦੇ ਸਟਾਫ ਵੱਲੋਂ ਕੈਮਰੇ ਦੇ ਸਾਹਮਣੇ ਕੁਝ ਵੀ ਬੋਲਣ ਨੂੰ ਮਨਾ ਕਰ ਦਿੱਤਾ ਗਿਆ ਤੇ ਝਗੜੇ ਦਾ ਕਾਰਨ ਜ਼ਮੀਨੀ ਵਿਵਾਦ ਦੱਸਿਆ ਗਿਆ।