ਬਠਿੰਡਾ: ਬੇਸ਼ਕ ਅਸੀਂ 21ਵੀਂ ਸਦੀ 'ਚ ਜੀਅ ਰਹੇ ਹਾਂ, ਪਰ ਅੱਜ ਵੀ ਭਾਰਤ ਵਰਗੇ ਦੇਸ਼ 'ਚ ਵਹਿਮਾਂ-ਭਰਮਾਂ ਦੀ ਭਰਮਾਰ ਹੈ। ਤਲਵੰਡੀ ਸਾਬੋ ਦੇ ਪਿੰਡ ਮਿਰਜੇਆਣਾ ਵਿੱਚ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਪਿੰਡ ਵਾਸੀਆਂ ਵੱਲੋਂ ਉਨ੍ਹਾਂ ਦੀਆਂ ਮੱਝਾਂ ਨੂੰ ਇੱਕ ਬਿਮਾਰੀ ਤੋਂ ਬਚਾਉਣ ਲਈ ਟੂਣਾ ਕਰਵਾਇਆ ਗਿਆ। ਇਸ ਦਾ ਇੱਕ ਗੁਰਸਿੱਖ ਪਰਿਵਾਰ ਵੱਲੋਂ ਵਿਰੋਧ ਕੀਤਾ ਗਿਆ। ਇਸੇ ਦੇ ਚੱਲਦਿਆਂ ਪਿੰਡ ਵਾਸੀਆਂ ਨੇ ਗੁਰਸਿੱਖ ਪਰਿਵਾਰ ਦਾ ਭਾਂਡਾ ਤਿਆਗਣ ਦਾ ਫੈਸਲਾ ਸੁਣਾ ਦਿੱਤਾ। ਯਾਨੀ ਪਿੰਡ ਵਾਲਿਆਂ ਵੱਲੋਂ ਉਸ ਪਰਿਵਾਰ ਨਾਲ ਬੋਲ-ਚਾਲ ਬੰਦ ਕਰ ਦਿੱਤਾ ਗਿਆ।
ਗੁਰਸਿੱਖ ਪਰਿਵਾਰ ਨੇ ਇਸ ਮਾਮਲੇ ਬਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸ਼ਿਕਾਇਤ ਦਰਜ ਕਰਕੇ ਕਾਰਵਾਈ ਦੀ ਮੰਗ ਕੀਤੀ ਹੈ। ਉੱਥੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਅਜਿਹੀਆਂ ਮਨ ਮੱਤੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਲਈ ਪੱਤਰ ਦਿੱਤਾ ਹੈ।
ਦੱਸ ਦਈਏ ਕਿ ਪਿੰਡ 'ਚ ਕਈ ਪਸ਼ੂਆਂ ਦੀ ਮੂੰਹ ਖੁਰ ਦੀ ਬਿਮਾਰੀ ਨਾਲ ਮੌਤ ਹੋ ਗਈ ਤੇ ਕਈ ਬਿਮਾਰ ਹੋ ਗਏ। ਇਸ ਨੂੰ ਲੈ ਕੇ ਪ੍ਰੇਸ਼ਾਨ ਪਿੰਡ ਵਾਸੀਆਂ ਨੇ ਪਸ਼ੂਆਂ ਦੇ ਡਾਕਟਰਾਂ ਤੋਂ ਇਲਾਜ ਕਰਵਾਇਆ। ਪਿੰਡ ਦੇ ਕੁੱਝ ਲੋਕਾਂ ਨੇ ਇਸ ਬਿਮਾਰੀ ਤੋਂ ਬਚਣ ਲਈ ਮਲੇਰਕੋਟਲੇ ਦੇ ਕਿਸੇ ਬਾਬੇ ਤੋਂ ਧਾਗਾ ਵੀ ਕਰਵਾਇਆ। ਸਾਰਾ ਪਿੰਡ ਇਸ ਟੂਣੇ ਲਈ ਸਹਿਮਤ ਹੋ ਗਿਆ ਤੇ ਉਨ੍ਹਾਂ ਬਾਬੇ ਦੇ ਕਹੇ ਮੁਤਾਬਕ ਸਭ ਕੁਝ ਕੀਤਾ।
ਪਿੰਡ ਦੇ ਇੱਕ ਗੁਰਸਿੱਖ ਘਰ ਨੇ ਆਪਣੇ ਘਰ ਵਿੱਚ ਧੂਫ ਲਗਾਉੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਖਫਾ ਪਿੰਡ ਵਾਸੀਆਂ ਨੇ ਅਗਲੇ ਦਿਨ ਪਿੰਡ ਦੀ ਸਾਂਝੀ ਥਾਂ 'ਤੇ ਇਕੱਠ ਕਰਕੇ ਇਸ ਗੁਰਸਿੱਖ ਪਰਿਵਾਰ ਦਾ ਭਾਂਡਾ ਤਿਆਗ ਦਿੱਤਾ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਈਰਲ ਹੋ ਗਈ ਜਿਸ ਵਿੱਚ ਪਿੰਡ ਦਾ ਸਰਪੰਚ ਪਰਿਵਾਰ ਖਿਲਾਫ ਫੈਸਲਾ ਪੜ੍ਹ ਰਿਹਾ ਹੈ।
ਪਿੰਡ ਦੇ ਸਰਪੰਚ ਦਾ ਕਹਿਣਾ ਹੈ ਇਹ ਫੈਸਲਾ ਪੰਚਾਇਤ ਨਹੀਂ ਸਗੋਂ ਪਿੰਡ ਵਾਸੀਆਂ ਦਾ ਹੈ। ਹੁਣ ਪਿੰਡ ਦਾ ਸਰਪੰਚ ਵੀ ਇਸ ਨੂੰ ਵਹਿਮ ਭਰਮ ਦੱਸ ਰਿਹਾ ਹੈ ਪਰ ਪਿੰਡ ਦੇ ਏਕੇ ਅੱਗੇ ਖੜ੍ਹਨ ਦੀ ਗੱਲ ਕਰ ਰਿਹਾ ਹੈ। ਉਧਰ ਦੂਜੇ ਪਾਸੇ ਹੁਣ ਗੁਰਸਿੱਖ ਪਰਿਵਾਰ ਪ੍ਰਸ਼ਾਸਨ ਨੂੰ ਸ਼ਿਕਾਇਤ ਕਰਕੇ ਪੰਚਾਇਤ ਖਿਲਾਫ ਕਾਰਵਾਈ ਦੀ ਮੰਗ ਕਰ ਰਿਹਾ ਹੈ। ਉਥੇ ਹੀ ਮਾਮਲੇ ਵਿੱਚ ਉਨ੍ਹਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਪੱਤਰ ਰਾਹੀ ਗੁਰਦੁਆਰਾ ਸਾਹਿਬ ਤੋਂ ਅਜਿਹੀ ਮਨਮੱਤ ਲਈ ਹੁੰਦੀ ਅਨਾਊਂਸਮੈਂਟ ਬੰਦ ਕਰਵਾਉਣ ਦੀ ਮੰਗ ਕੀਤੀ ਹੈ।