ਅੰਮ੍ਰਿਤਸਰ: ਲਾਹੌਰ 'ਚ ਖਾਲਿਸਤਾਨ ਪੱਖੀ ਹਰਮੀਤ ਸਿੰਘ ਹੈਪੀ ਪੀਐੱਚਡੀ ਦਾ ਕਤਲ ਕਰ ਦਿੱਤਾ ਗਿਆ। ਹਰਮੀਤ ਸਿੰਘ ਭਾਰਤ 'ਚ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਨਾਲ ਜੁੜੇ ਮਾਮਲਿਆਂ ਵਿੱਚ ਲੋੜੀਂਦਾ ਸੀ। ਪਿਛਲੇ ਸਾਲ ਅਕਤੂਬਰ 'ਚ ਇਸ ਦੀ ਜਾਣਕਾਰੀ ਦੇ ਅਧਾਰ 'ਤੇ ਇੰਟਰਪੋਲ ਨੇ ਖਾਲਿਸਤਾਨੀਆਂ ਨਾਲ ਸਬੰਧਤ ਅੱਠ ਲੋਕਾਂ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਸੀ। ਹਰਮੀਤ ਸਿੰਘ ਵੀ ਉਨ੍ਹਾਂ ਵਿੱਚੋਂ ਇੱਕ ਸੀ। ਹਰਮੀਤ ਸਿੰਘ ਪਿਛਲੇ ਦੋ ਸਾਲਾਂ ਤੋਂ ਪਾਕਿਸਤਾਨ 'ਚ ਰਿਹਾ ਸੀ ਤੇ ਇੱਥੋਂ ਆਪਣੇ ਕਾਰੋਬਾਰ ਨੂੰ ਚਲਾ ਰਿਹਾ ਸੀ।

ਹਰਮੀਤ ਸਿੰਘ ਅੰਮ੍ਰਿਤਸਰ ਦੇ ਨੇੜੇ ਦਾ ਵਸਨੀਕ ਸੀ। ਉਸ ਨੇ ਡਾਕਟਰੇਟ ਦੀ ਡਿਗਰੀ ਕੀਤੀ ਸੀ। ਇਸੇ ਲਈ ਉਸ ਨੂੰ ਹਰਮੀਤ ਸਿੰਘ ਉਰਫ 'ਹੈਪੀ ਪੀਐਚਡੀ' ਵਜੋਂ ਵੀ ਜਾਣਿਆ ਜਾਂਦਾ ਸੀ। ਹੁਣ ਹਰਮੀਤ ਸਿੰਘ ਹੈਪੀ ਪੀਐਚਡੀ ਦੇ ਪਰਿਵਾਰ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਸਪੁੱਤਰ ਹਰਮੀਤ ਸਿੰਘ ਹੈਪੀ ਦੀ ਲਾਸ਼ ਉਨ੍ਹਾਂ ਦੇ ਪਰਿਵਾਰ ਨੂੰ ਸੌਂਪੀ ਜਾਵੇ। ਹੈਪੀ ਦੇ ਪਿਤਾ ਅਵਤਾਰ ਸਿੰਘ ਜੋ ਖੇਤੀਬਾੜੀ ਡਿਪਾਰਟਮੈਂਟ 'ਚੋਂ ਸੇਵਾ ਮੁਕਤ ਹੋਏ ਹਨ, ਨੇ ਦੱਸਿਆ ਕਿ ਨਵੰਬਰ 2008 ਤੋਂ ਉਨ੍ਹਾਂ ਦੇ ਪਰਿਵਾਰ ਦਾ ਹੈਪੀ ਨਾਲ ਕੋਈ ਸੰਪਰਕ ਨਹੀਂ ਸੀ ਤੇ ਹੈਪੀ 2008 ਤੋਂ ਲਾਪਤਾ ਸੀ।



ਅਵਤਾਰ ਸਿੰਘ ਮੁਤਾਬਕ ਉਨ੍ਹਾਂ ਦਾ ਬੇਟਾ ਧਾਰਮਿਕ ਖਿਆਲਾਂ ਵਾਲਾ ਸੀ ਤੇ ਉਨ੍ਹਾਂ ਨੂੰ ਉਸ ਬਾਰੇ ਅਖ਼ਬਾਰਾਂ ਰਾਹੀਂ ਪਤਾ ਲੱਗਾ ਤੇ ਐਨਆਈਏ ਦੀ ਟੀਮ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਪਾਕਿਸਤਾਨ 'ਚ ਹੈ। ਅਵਤਾਰ ਸਿੰਘ ਮੁਤਾਬਕ ਉਨ੍ਹਾਂ ਦਾ ਬੇਟਾ ਡਰੱਗ ਦੇ ਧੰਦੇ 'ਚ ਕਦੇ ਨਹੀਂ ਸੀ। ਅਵਤਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਹਾਲੇ ਕੁਝ ਸਮਝ ਨਹੀਂ ਆ ਰਹੀ ਕਿਉਂਕਿ ਉਨ੍ਹਾਂ ਦਾ ਪਰਿਵਾਰ ਸੋਕ 'ਚ ਹੈ।

ਨਾਭਾ ਗੀਤਾ ਸ਼ਰਮਾ ਮੁਤਾਬਕ ਹੈਪੀ ਦਾ ਨਾਂ ਨਵੰਬਰ 2018 'ਚ ਉਸ ਵੇਲੇ ਸੁਰਖ਼ੀਆਂ 'ਚ ਛਾਇਆ ਜਦੋਂ ਨਿਰੰਕਾਰੀ ਭਵਨ ਰਾਜਾਸਾਂਸੀ ਵਿਖੇ ਇੱਕ ਬੰਬ ਧਮਾਕਾ ਹੋਇਆ ਸੀ ਜਿਸ 'ਚ ਮਾਸੂਮ ਲੋਕਾਂ ਦੀ ਜਾਨ ਚਲੀ ਗਈ ਸੀ ਤਾਂ ਇਸ 'ਚ ਪੰਜਾਬ ਪੁਲਿਸ ਨੇ ਅਵਤਾਰ ਸਿੰਘ ਤੇ ਬਿਕਰਮ ਸਿੰਘ ਨਾਂ ਦੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਦੀ ਪੜਤਾਲ ਤੋਂ ਬਾਅਦ ਹੀ ਹੈਪੀ ਪੀਐਚਡੀ ਦਾ ਨਾਂ ਸਾਹਮਣੇ ਆਇਆ ਸੀ।