ਗੁਰਦਾਸਪੁਰ: ਕਿਸਾਨਾਂ ਨੂੰ ਲੈ ਕੇ ਹਰਿਆਣਾ ਸਰਕਾਰ ਬੇਰੁੱਖਾ ਰੁਖ਼ ਅਤੇ ਜਨਰਲ ਡਾਇਰ ਬਣਨਾ ਛੱਡ ਦੇਵੇ। ਇਹ ਕਹਿਣਾ ਹੈ ਕਾਂਗਰਸੀ ਲੀਡਰ ਪ੍ਰਤਾਪ ਬਾਜਵਾ, ਗੁਰਜੀਤ ਔਜਲਾ ਅਤੇ ਜਸਬੀਰ ਡਿੰਪਾ ਦਾ ਜੋ ਬਟਾਲਾ 'ਚ ਬਟਾਲਾ ਇਮਪਰੂਵਮੈਂਟ ਟ੍ਰਸਟ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਦੇ ਅਹੁਦਾ ਸੰਭਾਲਣ ਮੌਕੇ ਪਹੁੰਚੇ ਹੋਏ ਸੀ। ਇਸ ਮੌਕੇ ਪ੍ਰਤਾਪ ਬਾਜਵਾ ਨੇ ਵਿਧਾਨ ਸਭਾ ਚੋਣ ਗੁਰਦਾਸਪੁਰ ਵਿੱਚ ਹੀ ਲੜਨ ਦੀ ਦਹਾੜ ਵੀ ਮਾਰੀ। ਇਸ ਮੌਕੇ ਵਿਧਾਇਕ ਫਤਿਹ ਜੰਗ ਬਾਜਵਾ,  ਵਿਧਾਇਕ ਬਲਵਿੰਦਰ ਸਿੰਘ ਲਾਡੀ ਸਮੇਤ ਹੋਰ ਵੀ ਕਾਂਗਰਸੀ ਨੇਤਾ ਵੀ ਮਜ਼ੂਦ ਰਹੇ। 


 


ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਨ੍ਹਾਂ ਦੋਵਾਂ ਅਹੁਦਿਆਂ ਲਈ ਇਨ੍ਹਾਂ ਪੁਰਾਣੇ ਕਾਂਗਰਸੀ ਵਰਕਰਾਂ ਦੇ ਨਾਮ ਤਮਾਮ ਉੱਚ ਕਾਂਗਰਸੀ ਨੇਤਾਵਾਂ ਦੀ ਰਜਾਮੰਦੀ ਨਾਲ ਐਲਾਨੇ ਗਏ ਹਨ। ਇਸ ਵਿੱਚ ਮੇਰੇ ਇਕੱਲੇ ਦਾ ਕੋਈ ਯੋਗਦਾਨ ਨਹੀਂ ਹੈ। ਉਥੇ ਹੀ ਕਾਂਗਰਸ ਦੀ ਆਪਸੀ ਫੁੱਟ ਨੂੰ ਲੈ ਕੇ ਪ੍ਰਤਾਪ ਬਾਜਵਾ ਨੇ ਕਿਹਾ ਕਿ ਕੋਈ ਅਜਿਹੀ ਚਿੰਤਾਜਨਕ ਗੱਲ ਨਹੀਂ ਹੈ। ਸਾਰੀ ਪੰਜਾਬ ਕਾਂਗਰਸ ਇਕਜੁਟ ਹੈ। ਉਥੇ ਹੀ ਬਾਜਵਾ ਨੇ ਆਪਣੀ ਉਮੀਦਵਾਰੀ ਨੂੰ ਲੈ ਕੇ ਕਿਹਾ ਕਿ ਵਿਧਾਨ ਸਭਾ ਚੋਣ ਪ੍ਰਤਾਪ ਬਾਜਵਾ ਗੁਰਦਾਸਪੁਰ ਦੇ ਕਿਸੇ ਵੀ ਹਲਕੇ 'ਚੋਂ ਲੜ ਸਕਦੇ ਹਨ।


 


ਨਾਲ ਹੀ ਉਨ੍ਹਾਂ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਦੇ ਬਿਆਨ ਨੂੰ ਲੈ ਕੇ ਕਿਹਾ ਕਿ ਕਿਸਾਨਾਂ ਨਾਲ ਹਰਿਆਣਾ 'ਚ ਜੋ ਕੁਝ ਵੀ ਹੋਇਆ ਉਸ ਦੀ ਜ਼ਿੰਮੇਵਾਰ ਹਰਿਆਣਾ ਸਰਕਾਰ ਹੈ। ਹਰਿਆਣਾ ਸਰਕਾਰ ਕਿਸਾਨਾਂ ਨੂੰ ਲੈਕੇ ਆਪਣਾ ਬੇਰੁਖੀ ਵਾਲੇ ਰੁਖ ਦਾ ਤਿਆਗ ਕਰੇ। ਨਾਲ ਹੀ ਬਿਜਲੀ ਮੁੱਦੇ ਨੂੰ ਲੈਕੇ ਬਾਜਵਾ ਦਾ ਕਹਿਣਾ ਸੀ ਕਿ ਬਿਜਲੀ ਨੂੰ ਲੈ ਕੇ ਉਹ ਵੀ ਚਾਹੁੰਦੇ ਹਨ ਕਿ ਪੰਜਾਬ ਦੇ ਲੋਕਾਂ ਨੂੰ ਬਿਜਲੀ ਸਸਤੀ ਦਿੱਤੀ ਜਾਵੇ ਅਤੇ ਇਸ ਮਸਲੇ ਨੂੰ ਹੱਲ ਕੀਤਾ ਜਾਵੇਗਾ। 


 


ਇਸ ਮੌਕੇ ਸਾਂਸਦ ਗੁਰਜੀਤ ਔਜਲਾ ਅਤੇ ਸਾਂਸਦ ਜਸਬੀਰ ਡਿੰਪਾ ਦਾ ਕਹਿਣਾ ਸੀ ਕਿ ਹਰਿਆਣਾ ਦੀ ਖੱਟਰ ਸਰਕਾਰ ਨੂੰ ਕਿਸਾਨਾਂ ਨਾਲ ਬੇਰੁਖੀ ਵਾਲਾ ਅਤੇ ਜਨਰਲ ਡਾਇਰ ਵਰਗਾ ਰੁੱਖ ਛੱਡਣਾ ਚਾਹੀਦਾ ਹੈ। ਖੱਟਰ ਸਰਕਾਰ ਨੂੰ ਕਿਸਾਨਾਂ ਬਾਰੇ ਸੋਚਣਾ ਚਾਹੀਦਾ ਹੈ ਕਿ ਇੰਟਰਨੈਸ਼ਨਲ ਬਾਰਡਰ 'ਤੇ ਤੁਹਾਡੀ ਸਥਿਤੀ ਬੁਰੀ ਹੈ ਤੇ ਫਿਰ ਕਿਉਂ ਤੁਸੀਂ ਦੇਸ਼ ਦੇ ਅੰਦਰ ਹਲਾਤ ਖਰਾਬ ਕਰ ਰਹੇ ਹੋ। ਉਨ੍ਹਾਂ ਦਾ ਕਹਿਣਾ ਸੀ ਕਿ ਖੱਟਰ ਸਰਕਾਰ ਵਲੋਂ ਕਿਸਾਨਾਂ ਨੂੰ ਲੈ ਕੇ ਦਿੱਤੇ ਬਿਆਨ ਨਿਦਣਯੋਗ ਹਨ। ਇਸ ਤੋਂ ਖੱਟਰ ਸਰਕਾਰ ਨੂੰ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਖੱਟਰ ਸਰਕਾਰ ਨੂੰ ਕਿਸਾਨਾਂ ਦੇ ਧਰਨੇ ਵਿੱਚ ਜਾ ਕੇ ਮੁਆਫੀ ਮੰਗਣੀ ਚਾਹੀਦੀ ਹੈ।