ਚੰਡੀਗੜ੍ਹ: ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ 550 ਹੱਥ ਲਿਖਤਾਂ ਵਿੱਚੋਂ 170 ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ (CSSGGS) ਰਾਹੀਂ ਡਿਜੀਟਾਈਜ਼ਡ ਕੀਤਾ ਗਿਆ ਹੈ। ਇਹ ਮੁਹਿੰਮ ਸੱਤ ਸਾਲਾਂ ਤੋਂ ਵੱਧ ਚੱਲੀ ਤੇ ਅਜੇ ਵੀ ਜਾਰੀ ਹੈ। CSSGGS ਨੇ ਗੁਰੂ ਗ੍ਰੰਥ ਸਾਹਿਬ ਦੇ ਖਰੜਿਆਂ ਲਈ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਦਿੱਲੀ, ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਬਿਹਾਰ, ਮਹਾਰਾਸ਼ਟਰ, ਛੱਤੀਸਗੜ੍ਹ, ਝਾਰਖੰਡ ਤੇ ਇੱਥੋਂ ਤੱਕ ਕਿ ਨੇਪਾਲ ਦੇ ਲੋਕਾਂ ਤੇ ਸਿੱਖ ਸੰਸਥਾਵਾਂ ਤੱਕ ਵੀ ਪਹੁੰਚ ਕੀਤੀ।


CSSGGS ਦੇ ਡਾਇਰੈਕਟਰ ਡਾ. ਅਮਰਜੀਤ ਸਿੰਘ ਨੇ ਦੱਸਿਆ ਕਿ CSSGGS ਸਤੰਬਰ ਦੇ ਪਹਿਲੇ ਹਫ਼ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 417ਵੇਂ ਸਥਾਪਨਾ ਦਿਵਸ ਮੌਕੇ ਵੈਬੀਨਾਰ ਕਰਵਾਏਗਾ ਜਿਸ ਵਿੱਚ ਪਵਿੱਤਰ ਗ੍ਰੰਥ ਦੇ ਪੁਰਾਣੇ ਖਰੜਿਆਂ ਦੀ ਸੰਭਾਲ ਲਈ ਕੀਤੇ ਗਏ ਕਾਰਜਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਡਾ. ਸਿੰਘ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ 550 ਖਰੜਿਆਂ ਤੋਂ ਇਲਾਵਾ CSSGGS ਨੇ ਹੱਥ ਲਿਖਤ ਦਸਮ ਗ੍ਰੰਥ ਦੀਆਂ 70 ਕਾਪੀਆਂ ਤੇ ਸਿੱਖ ਧਾਰਮਿਕ ਪਾਠ ਵਾਲੀਆਂ 500 ਹੋਰ ਪੋਥੀਆਂ ਦਾ ਵੀ ਡਿਜੀਟਾਈਜ਼ੇਸ਼ਨ ਕੀਤਾ ਸੀ।


ਉਨ੍ਹਾਂ ਨੇ ਦੱਸਿਆ ਕਿ 170 ਪੁਰਾਣੇ ਖਰੜੇ ਜਿਨ੍ਹਾਂ ਨੂੰ ਡਿਜੀਟਾਈਜ਼ਡ ਕੀਤਾ ਗਿਆ ਸੀ, 1707 ਈਸਵੀ ਤੇ 1800 ਈਸਵੀ ਦੇ ਵਿਚਕਾਰ ਲਿਖੇ ਗਏ ਸੀ। ਡਾ. ਸਿੰਘ ਨੇ ਦੱਸਿਆ ਕਿ 20 ਅਜਿਹੇ ਸਰੂਪ ਸੀ ਜਿਨ੍ਹਾਂ 'ਤੇ ਗੁਰੂ ਅਰਜਨ ਦੇਵ, ਗੁਰੂ ਹਰਿਰਾਏ, ਗੁਰੂ ਤੇਗ ਬਹਾਦਰ ਤੇ ਗੁਰੂ ਗੋਬਿੰਦ ਸਿੰਘ ਦੇ ਮੂਲ ਮੰਤਰ ਨਿਸ਼ਾਨ (ਦਸਤਖਤ) ਸੀ। ਦੱਸ ਦਈਏ ਕਿ ਚੱਲ ਰਹੇ ਪ੍ਰੋਜੈਕਟ ਹੁਣ ਤੀਜੇ ਪੜਾਅ ਵਿੱਚ ਦਾਖਲ ਹੋ ਗਿਆ ਹੈ ਕਿਉਂਕਿ CSSGGS ਡਿਜੀਟਾਈਜੇਸ਼ਨ ਲਈ ਗੁਰੂ ਗ੍ਰੰਥ ਸਾਹਿਬ ਦੀਆਂ ਹੋਰ ਹੱਥ ਲਿਖਤ ਕਾਪੀਆਂ ਲੱਭਣ ਦੀ ਕੋਸ਼ਿਸ਼ ਜਾਰੀ ਰੱਖਦਾ ਹੈ।


ਡਾਕਟਰ ਸਿੰਘ ਨੇ ਕਿਹਾ, “ਇੱਕ ਕਿਤਾਬ ਦੇ ਰੂਪ ਵਿੱਚ ਸਾਡੇ ਕੇਂਦਰ ਨੇ ਨਵੰਬਰ 2020 ਵਿੱਚ ਹੱਥ ਲਿਖਤ ਖਰੜਿਆਂ ਦੀ ਵਰਣਨਸ਼ੀਲ ਸੂਚੀ ਪ੍ਰਕਾਸ਼ਤ ਕੀਤੀ ਸੀ। ਪੁਸਤਕ ਦਾ ਦੂਜਾ ਭਾਗ ਪ੍ਰਕਾਸ਼ਨ ਅਧੀਨ ਹੈ ਤੇ ਅਸੀਂ ਪ੍ਰੋਜੈਕਟ ਦੇ ਤੀਜੇ ਪੜਾਅ ਦੀ ਸ਼ੁਰੂਆਤ ਕਰ ਚੁੱਕੇ ਹਾਂ। ਬਹੁਤ ਸਾਰੇ ਲੋਕ ਹੱਥ-ਲਿਖਤਾਂ ਦੇਣ ਲਈ ਤਿਆਰ ਨਹੀਂ ਸੀ। ਉਨ੍ਹਾਂ ਨੇ ਇਤਰਾਜ਼ ਕੀਤਾ ਕਿ ਜੇ ਇਹ ਜਨਤਕ ਹੋਏ ਤਾਂ ਉਨ੍ਹਾਂ ਦੇ ਹੱਥ-ਲਿਖਤ ਉਨ੍ਹਾਂ ਤੋਂ ਖੋਹੇ ਜਾ ਸਕਦੇ ਹਨ।


ਡਾ. ਸਿੰਘ ਨੇ ਕਿਹਾ, “ਮੋਗਾ ਦੇ ਇੱਕ ਪਰਿਵਾਰ ਨੇ ਕਈ ਅਪੀਲਾਂ ਦੇ ਬਾਵਜੂਦ ਖਰੜਾ ਦੇਣ ਤੋਂ ਇਨਕਾਰ ਕਰ ਦਿੱਤਾ। ਇੱਥੋਂ ਤੱਕ ਕਿ ਅਕਾਲ ਤਖ਼ਤ ਦੇ ਸਾਬਕਾ ਮੁਖੀ ਮਰਹੂਮ ਜੋਗਿੰਦਰ ਸਿੰਘ ਵੇਦਾਂਤੀ ਨੇ ਨੂੰ ਖਰੜੇ ਡਿਜੀਟਾਈਜੇਸ਼ਨ ਲਈ ਉਪਲਬਧ ਕਰਾਉਣ ਲਈ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਹ ਸਹਿਮਤ ਨਹੀਂ ਹੋਏ।


ਉਨ੍ਹਾਂ ਅੱਗੇ ਕਿਹਾ ਕਿ, “ਅਸੀਂ ਵੱਖ-ਵੱਖ ਸਿੱਖ ਸੰਸਥਾਵਾਂ ਨਾਲ ਸੰਪਰਕ ਵਿੱਚ ਰਹਿੰਦੇ ਹਾਂ। ਸੰਗਰੂਰ ਵਿੱਚ ਇੱਕ ਸੰਸਥਾ ਵੀ ਹੈ ਜੋ ਪੁਰਾਣੇ ਬੀੜਾਂ ਤੇ ਸਰੂਪਾਂ ਦੀ ਸਾਂਭ -ਸੰਭਾਲ ਲਈ ਮੁਫਤ ਸੇਵਾ ਪ੍ਰਦਾਨ ਕਰਦੀ ਹੈ। ਜੇ ਕੋਈ ਸਾਂਭ-ਸੰਭਾਲ ਲਈ ਸੰਪਰਕ ਕਰਦਾ ਹੈ, ਤਾਂ ਅਸੀਂ ਉਨ੍ਹਾਂ ਤੋਂ ਅਜਿਹੀਆਂ ਹੱਥ-ਲਿਖਤਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ।’ ਡਾ. ਸਿੰਘ ਨੇ ਕਿਹਾ ਕਿ ਕੁਝ ਕਾਪੀਆਂ ਡਿਜੀਟਾਈਜ਼ਡ ਸੀ। ਇੱਥੋਂ ਤਕ ਕਿ ਸਿਆਹੀ ਦੇ ਢੰਗ ਤੇ ਭਾਗਾਂ ਦਾ ਜ਼ਿਕਰ ਕਰਨ ਵਾਲਾ ਇੱਕ "ਵਿਸ਼ੇਸ਼ ਨੋਟ" ਵੀ ਸੀ। ਉਨ੍ਹਾਂ ਕਿਹਾ ਕਿ ਪਵਿੱਤਰ ਪਾਠ ਲਿਖਣ ਲਈ ਵੱਖ-ਵੱਖ ਤਰ੍ਹਾਂ ਦੇ ਕਾਗਜ਼ਾਂ ਦੀ ਵਰਤੋਂ ਕੀਤੀ ਗਈ ਸੀ।


ਇਹ ਵੀ ਪੜ੍ਹੋ: Farmers Protest: ਟਿੱਕਰੀ ਸਰਹੱਦ 'ਤੇ ਕਿਸਾਨਾਂ ਵਲੋਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਬਿਆਨ ਦੇ ਵਿਰੋਧ ਵਿੱਚ ਪ੍ਰਦਰਸ਼ਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904