ਨਵੀਂ ਦਿੱਲੀ: ਤਾਲਿਬਾਨ ਦੀ ਡੈੱਡਲਾਈਨ ਖਤਮ ਹੋਣ ਤੋਂ 24 ਘੰਟੇ ਪਹਿਲਾਂ ਹੀ ਅਮਰੀਕੀ ਫੌਜੀਆਂ ਨੇ ਅਫ਼ਗਾਨਿਸਤਾਨ ਦੀ ਧਰਤੀ ਛੱਡ ਦਿੱਤੀ। 31 ਅਗਸਤ ਮਤਲਬ ਅੱਜ ਆਖਰੀ ਤਰੀਕ ਸੀ ਪਰ ਅੱਧੀ ਰਾਤ ਨੂੰ ਹੀ ਅਮਰੀਕਾ ਨੇ ਅਫਗਾਨਿਸਤਾਨ ਤੋਂ ਆਪਣੀਆਂ ਫੌਜਾਂ ਵਾਪਸ ਬੁਲਾਉਣ ਦਾ ਫੈਸਲਾ ਕੀਤਾ। ਅਫਗਾਨਿਸਤਾਨ ਨੂੰ ਆਪਣੀ ਸ਼ਰਤ 'ਤੇ ਛੱਡ ਕੇ ਅਮਰੀਕਾ ਨੇ ਆਪਣੇ ਹੱਥ ਖਿੱਚ ਲਏ, ਪਰ ਅਫਗਾਨਿਸਤਾਨ ਤੋਂ ਬਾਅਦ ਦੀ ਸਥਿਤੀ ਨੇ ਪੂਰੀ ਦੁਨੀਆਂ 'ਚ ਚਿੰਤਾ ਪੈਦਾ ਕਰ ਦਿੱਤੀ ਹੈ।


ਹੁਣ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ ਕਿ ਅਮਰੀਕਾ ਫੌਜ ਜਾਂਦੇ-ਜਾਂਦੇ ਵੱਡਾ ਕਾਰਾ ਕਰਕੇ ਗਈ ਹੈ। ਇਸ ਤੋਂ ਤਾਲਿਬਾਨ ਵੀ ਹੈਰਾਨ ਹਨ। ਤਾਲਿਬਾਨ ਖੁਸ਼ ਸੀ ਕਿ ਅਮਰੀਕੀ ਫੌਜ ਕਾਫੀ ਸਾਜ਼ੋ-ਸਾਮਾਨ ਅਫਗਾਨਿਸਤਾਨ ਵਿੱਚ ਹੀ ਛੱਡ ਕੇ ਜਾ ਰਹੀ ਹੈ ਪਰ ਹੁਣ ਪਤਾ ਲੱਗਾ ਹੈ ਕਿ ਫੌਜ ਨੇ ਜਾਂਦੇ-ਜਾਂਦੇ ਸਾਰਾ ਸਾਮਾਨ ਨਾਕਾਰ ਕਰ ਦਿੱਤਾ ਹੈ। ਹੁਣ ਇਹ ਤਾਲਿਬਾਨ ਦੇ ਕੰਮ ਨਹੀਂ ਆ ਸਕੇਗਾ।


ਦਰਅਸਲ ਅਮਰੀਕੀ ਫ਼ੌਜ ਵਾਪਸ ਆ ਗਈ ਹੈ, ਪਰ ਵਾਪਸੀ ਤੋਂ ਪਹਿਲਾਂ ਅਮਰੀਕੀ ਫ਼ੌਜ ਨੇ ਅਫ਼ਗਾਨਿਸਤਾਨ ਵਿੱਚ ਤਾਇਨਾਤ ਕੀਤੇ ਗਏ ਬਹੁਤ ਸਾਰੇ ਜਹਾਜ਼ ਛੱਡ ਦਿੱਤੇ। ਹਾਮਿਦ ਕਰਜ਼ਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਅਜਿਹੇ ਤਿੰਨ ਜਹਾਜ਼ਾਂ ਨੂੰ ਬੇਕਾਰ ਕਰ ਦਿੱਤਾ, ਜੋ ਹੁਣ ਉਹ ਜਹਾਜ਼ ਕਦੇ ਉਡਾਣ ਨਹੀਂ ਭਰ ਸਕਣਗੇ।


ਇਸ ਤੋਂ ਇਲਾਵਾ ਅਮਰੀਕੀ ਫ਼ੌਜ ਨੇ ਅਫ਼ਗਾਨਿਸਤਾਨ ਵਿੱਚ ਮੌਜੂਦ ਰਾਕੇਟ ਰੱਖਿਆ ਪ੍ਰਣਾਲੀ ਨੂੰ ਵੀ ਨਸ਼ਟ ਕਰ ਦਿੱਤਾ ਹੈ। ਹੁਣ ਇਨ੍ਹਾਂ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਗੱਡੀਆਂ ਨੂੰ ਵੀ ਅਮਰੀਕੀ ਫੌਜ ਨੇ ਤਬਾਹ ਕਰ ਦਿੱਤਾ ਹੈ ਜੋ ਹਥਿਆਰਾਂ ਨਾਲ ਲੈਸ ਸਨ। ਜੇ ਮਾਹਰਾਂ ਦੀ ਮੰਨੀਏ ਤਾਂ ਅਮਰੀਕਾ ਨੇ ਅਫ਼ਗਾਨਿਸਤਾਨ ਵਿੱਚ ਜੋ ਹਥਿਆਰ ਛੱਡੇ ਹਨ, ਉਨ੍ਹਾਂ 'ਚ ਵੱਡੀ ਗਿਣਤੀ ਵਿੱਚ ਬੇਕਾਰ ਹਨ।


ਮਾਹਿਰਾਂ ਦਾ ਕਹਿਣਾ ਹੈ ਕਿ ਅਮਰੀਕਾ ਨੇ ਅਫਗਾਨਿਸਤਾਨ 'ਚ ਜਿਨ੍ਹਾਂ ਹਥਿਆਰਾਂ ਦੀ ਤਾਇਨਾਤੀ ਕੀਤੀ ਹੈ, ਉਹ ਸਾਰੇ ਹਥਿਆਰ ਦੇਸ਼ ਦੇ ਅੰਦਰਲੇ ਹਾਲਾਤ ਨਾਲ ਨਜਿੱਠਣ ਲਈ ਵਰਤੇ ਜਾਂਦੇ ਹਨ। ਮਤਲਬ ਇਨ੍ਹਾਂ ਹਥਿਆਰਾਂ ਨਾਲ ਤਾਲਿਬਾਨ ਚਾਹੁੰਦੇ ਹੋਏ ਵੀ ਕਿਸੇ ਹੋਰ ਦੇਸ਼ ਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ।


ਤਾਲਿਬਾਨੀਆਂ ਨੇ ਹੈਲੀਕਾਪਰ ਨਾਲ ਸ਼ਖ਼ਸ ਨੂੰ ਪੁੱਠਾ ਟੰਗਿਆ


ਅਫ਼ਗਾਨਿਸਤਾਨ ਤੋਂ ਅਮਰੀਕੀ ਫ਼ੌਜਾਂ ਦੀ ਵਾਪਸੀ ਤੋਂ ਬਾਅਦ ਤਾਲਿਬਾਨ ਵੱਲੋਂ ਦਹਿਸ਼ਤ ਕਿਵੇਂ ਪੈਦਾ ਕੀਤੀ ਜਾਵੇਗੀ, ਇਸ ਦੀ ਤਸਵੀਰ ਸਾਹਮਣੇ ਆਉਣੀ ਸ਼ੁਰੂ ਹੋ ਗਈ ਹੈ। ਦਰਅਸਲ ਅਫ਼ਗਾਨਿਸਤਾਨ ਤੋਂ ਇੱਕ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ 'ਚ ਤਾਲਿਬਾਨ ਲੜਾਕੂ ਕੰਧਾਰ ਦੇ ਆਸਮਾਨ 'ਚ ਬਲੈਕ ਹਾਕ ਹੈਲੀਕਾਪਟਰ ਉਡਾ ਰਹੇ ਹਨ। ਹੈਲੀਕਾਪਟਰ ਤੋਂ ਇੱਕ ਸ਼ਖ਼ਸ ਨੂੰ ਵੀ ਲਟਕਾਇਆ ਗਿਆ ਹੈ। ਅਜੇ ਤਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਹੈਲੀਕਾਪਟਰ ਤੋਂ ਕੌਣ ਲਟਕਿਆ ਹੈ। ਇਹ ਵੀਡੀਓ ਵਾਇਰਲ ਹੋ ਰਹੀ ਹੈ।