ਨਵੀਂ ਦਿੱਲੀ: ਅਫ਼ਗਾਨਿਸਤਾਨ 'ਚ ਤਾਲਿਬਾਨ ਦਾ ਕਬਜ਼ਾ ਹੋ ਗਿਆ ਹੈ। ਅਜਿਹੇ 'ਚ ਅਮਰੀਕਾ ਨੇ ਵੀ ਆਪਣੀ ਸਾਰੀ ਫੌਜ ਅਫ਼ਗਾਨਿਸਤਾਨ 'ਚੋਂ ਵਾਪਸ ਸੱਦ ਲਈ ਹੈ। ਅਜਿਹੇ 'ਚ ਹੁਣ ਅਫ਼ਗਾਨਿਸਤਾਨ ਤਾਲਿਬਾਨ ਦੇ ਹੱਥਾਂ 'ਚ ਹੈ। ਇਸ ਦੇ ਨਾਲ ਹੀ ਅਫ਼ਗਾਨਿਸਤਾਨ ਦੇ ਲੋਕਾਂ ਦੀਆਂ ਉਮੀਦਾਂ ਦੀ ਹਨ੍ਹੇਰੀ ਰਾਤ ਹੋਰ ਗਹਿਰੀ ਹੋ ਗਈ ਹੈ।


ਦੁਨੀਆਂ ਵੱਲ ਉਮੀਦ ਦੀ ਨਜ਼ਰ ਨਾਲ ਦੇਖ ਰਹੇ ਕਰੋੜਾਂ ਅਫ਼ਗਾਨੀ ਨਾਗਰਿਕਾਂ ਲਈ ਕੀ ਕੋਈ ਉਮੀਦ ਦੀ ਕਿਰਨ ਆਵੇਗੀ ਇਹ ਇਸ ਸਮੇਂ ਵੱਡਾ ਸਵਾਲ ਹੈ। ਅਫ਼ਗਾਨਿਸਤਾਨ ਦੀ ਸੱਤਾ 'ਤੇ ਕਾਬਿਜ਼ ਤਾਲਿਬਾਨ ਦੀ ਧਰਤੀ 'ਤੇ ਅੱਤਵਾਦ ਨੂੰ ਲੈਕੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਬੈਠਕ 'ਚ ਚਿੰਤਾ ਜਤਾਈ ਗਈ। ਹਾਲਾਂਕਿ ਇੱਥੇ ਵੀ ਚੀਨ 'ਤੇ ਰੂਸ ਤਾਲਿਬਾਨ ਨੂੰ ਕਵਰ ਦਿੰਦੇ ਨਜ਼ਰ ਆਏ।


ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੇ ਭਾਰਤ ਦੀ ਮੌਜੂਦਾ ਅਗਵਾਈ 'ਚ ਸੋਮਵਾਰ ਅਫ਼ਗਾਨਿਸਤਾਨ ਦੇ ਹਾਲਾਤ 'ਤੇ ਇਕ ਪ੍ਰਸਤਾਵ ਪਾਸ ਕੀਤਾ। ਜਿਸ 'ਚ ਮੰਗ ਕੀਤੀ ਗਈ ਹੈ ਕਿ ਯੁੱਧ ਪ੍ਰਭਾਵਿਤ ਦੇਸ਼ ਦਾ ਇਸਤੇਮਾਲ ਕਿਸੇ ਦੇਸ਼ ਨੂੰ ਡਰਾਉਣ ਜਾਂ ਹਮਲਾ ਕਰਨ ਜਾਂ ਅੱਤਵਾਦੀਆਂ ਨੂੰ ਪਨਾਹ ਦੇਣ ਲਈ ਨਾ ਕੀਤਾ ਜਾਵੇ।


ਪ੍ਰਸਤਾਵ ਦੇ ਸਮਰਥਨ 'ਚ 13 ਵੋਟਾਂ ਪਈਆਂ ਤੇ ਵਿਰੋਧ 'ਚ ਸਿਫ਼ਰ। ਰੂਸ ਤੇ ਚੀਨ ਨੇ ਵੋਟਿੰਗ 'ਚ ਹਿੱਸਾ ਨਹੀਂ ਲਿਆ। ਭਾਰਤ ਦੀ ਅਗਵਾਈ 'ਚ ਹੋਈ ਬੈਠਕ 'ਚ ਸਾਫ਼ ਸੰਦੇਸ਼ ਦਿੱਤਾ ਗਿਆ ਕਿ ਤਾਲਿਬਾਨ ਕਿਸੇ ਦੂਜੇ ਦੇਸ਼ ਦੇ ਖਿਲਾਫ ਅੱਤਵਾਦ ਦੀ ਫਸਲ ਨੂੰ ਆਪਣੀ ਜ਼ਮੀਨ 'ਤੇ ਥਾਂ ਨਹੀਂ ਦੇਵੇਗਾ।


ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਬੈਠਕ 'ਚ ਬ੍ਰਿਟੇਨ ਨੇ ਕਿਹਾ ਕਿ ਤਾਲਿਬਾਨ ਦੀ ਪਛਾਣ ਕੰਮ ਨਾਲ ਹੋਵੇਗੀ ਨਾ ਕਿ ਵਾਅਦੇ ਨਾਲ। ਉੱਥੇ ਹੀ ਫਰਾਂਸ ਨੇ ਕਿਹਾ ਤਾਲਿਬਾਨ ਅੱਤਵਾਦ ਦੇ ਖਿਲਾਫ ਲੜੇ, ਅਲਕਾਇਦਾ ਨਾਲ ਕਨੈਕਸ਼ਨ ਖ਼ਤਮ ਕਰੇ।


ਜਦਕਿ ਤਾਲਿਬਾਨ ਦਾ ਸਮਰਥਨ ਕਰਨ ਵਾਲੇ ਚੀਨ ਨੇ ਕਿਹਾ ਕਿ ਸੁਰੱਖਿਆ ਪਰਿਸ਼ਦ ਨੂੰ ਤਣਾਅ ਵਧਾਉਣ ਦੀ ਥਾਂ ਰਾਹਤ ਦੇਣ ਵਾਲੇ ਕਦਮ ਚੁੱਕਣੇ ਚਾਹੀਦੇ ਹਨ। 20 ਸਾਲ ਪਹਿਲਾਂ ਤਾਲਿਬਾਨ ਨੇ ਜੋ ਕੀਤਾ ਉਸ ਦੇ ਦਾਮਨ ਤੋਂ ਉਹ ਦਾਗ ਕਦੇ ਨਹੀਂ ਲਹਿਣੇ।