ਵਾਸ਼ਿੰਗਟਨ: ਅਮਰੀਕਾ ਨੇ ਤੈਅ ਸਮੇਂ ਤੋਂ ਇਕ ਦਿਨ ਪਹਿਲਾਂ ਹੀ ਅਫ਼ਗਾਨਿਸਤਾਨ ਤੋਂ ਆਪਣੇ ਫੌਜੀਆਂ ਨੂੰ ਪੂਰੀ ਤਰ੍ਹਾਂ ਕੱਢ ਲਿਆ ਹੈ। 20 ਸਾਲ ਬਾਅਦ ਅਫ਼ਗਾਨਿਸਤਾਨ ਤੋਂ ਅਮਰੀਕੀ ਫੌਜ ਦੀ ਵਾਪਸੀ ਪੂਰੀ ਹੋ ਗਈ ਹੈ। ਅਮਰੀਕੀ ਰੱਖਿਆ ਵਿਭਾਗ ਪੇਂਟਾਗਨ ਨੇ ਅਫ਼ਗਾਨਿਸਤਾਨ ਛੱਡਣ ਵਾਲੇ ਆਖਰੀ ਅਮਰੀਕੀ ਫੌਜੀ ਦੀ ਫੋਟੋ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਰਿਪੋਰਟ ਮੁਤਾਬਕ 30 ਅਗਸਤ ਦੀ ਦੇਰ ਰਾਤ ਕਰੀਬ ਇਕ ਵਜੇ ਆਖਰੀ ਅਮਰੀਕੀ ਜਹਾਜ਼ ਨੇ ਉਡਾਣ ਭਰੀ।


ਪੇਂਟਾਗਨ ਨੇ ਟਵੀਟ 'ਚ ਲਿਖਿਆ, 'ਅਫ਼ਗਾਨਿਸਤਾਨ ਛੱਡਣ ਵਾਲਾ ਆਖਰੀ ਅਮਰੀਕੀ ਫੌਜੀ-ਮੇਜਰ ਜਨਰਲ ਕ੍ਰਿਸ ਡੋਨਹੁਯੂ ਹੈ। ਜੋ 30 ਅਗਸਤ ਦੀ ਰਾਤ C-17 ਜਹਾਜ਼ 'ਚ ਸਵਾਰ ਹੋਏ। ਇਹ ਕਾਬੁਲ 'ਚ ਅਮਰੀਕੀ ਮਿਸ਼ਨ ਦੇ ਅੰਤ ਦਾ ਪ੍ਰਤੀਕ ਹੈ।'


 






ਯੂਐਸ ਜਨਰਲ ਕੇਨੇਥ ਐਫ ਮੈਕੇਂਜੀ ਨੇ ਇਸ ਗੱਲ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਉਹ ਅਫ਼ਗਾਨਿਸਤਾਨ ਤੋਂ ਅਮਰੀਕੀ ਨਾਗਰਿਕਾਂ ਦੀ ਵਾਪਸੀ ਨੂੰ ਪੂਰਾ ਹੋਣ ਤੇ ਅਮਰੀਕੀ ਨਾਗਰਿਕਾਂ ਤੇ ਅਫ਼ਗਾਨਾਂ ਨੂੰ ਕੱਢਣ ਲਈ ਫੌਜੀ ਮਿਸ਼ਨ ਦੀ ਸਮਾਪਤੀ ਦਾ ਐਲਾਨ ਕਰਦੇ ਹਨ। ਜਨਰਲ ਨੇ ਕਿਹਾ ਕਿ ਅੰਤਿਮ ਸੀ-17 ਜਹਾਜ਼ ਨੂੰ ਹਾਮਿਦ ਕਰਜਈ ਹਵਾਈ ਅੱਡੇ ਤੋਂ 30 ਅਗਸਤ ਨੂੰ ਦੁਪਹਿਰ 3:29 'ਤੇ ਰਵਾਨਾ ਕੀਤਾ ਗਿਆ।


ਇਸ ਤੋਂ ਇਲਾਵਾ ਅਮਰੀਕਾ ਨੇ ਅਫ਼ਗਾਨਿਸਤਾਨ 'ਚ ਆਪਣੀ ਰਾਜਨਾਇਕ ਮੌਜੂਦਗੀ ਵੀ ਖ਼ਤਮ ਕਰ ਦਿੱਤੀ ਹੈ ਤੇ ਉਹ ਕਤਰ 'ਚ ਸ਼ਿਫਟ ਹੋ ਗਿਆ। ਨਿਊਜ਼ ਏਜੰਸੀ ਏਐਫਪੀ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਿਲੰਕਨ ਦੇ ਹਵਾਲੇ ਨਾਲ ਇਹ ਗੱਲ ਆਖੀ। ਬਿਲੰਕਨ ਨੇ ਕਿਹਾ ਕਿ ਅਮਰੀਕਾ ਹਰ ਉਸ ਅਮਰੀਕੀ ਦੀ ਮਦਦ ਕਰਨ ਲਈ ਵਚਨਬੱਧ ਹੈ ਜੋ ਅਫ਼ਗਾਨਿਸਤਾਨ ਛੱਡਣਾ ਚਾਹੁੰਦਾ ਹੈ।


ਅਫ਼ਗਾਨਿਸਤਾਨ ਤੋਂ ਫੌਜੀ ਨਿਕਾਸੀ ਪੂਰੀ ਹੋਣ ਦੇ ਐਲਾਨ ਦੇ ਨਾਲ ਹੀ ਜਨਰਲ ਕੇਨੇਥ ਐਫ ਮੈਕੇਂਜੀ ਨੇ ਕਿਹਾ, 'ਫੌਜੀ ਨਿਕਾਸੀ ਪੂਰੀ ਹੋ ਗਈ ਹੈ, ਅਮਰੀਕੀ ਨਾਗਰਿਕਾਂ ਤੇ ਅਫ਼ਗਾਨਾਂ ਨੂੰ ਸੁਰੱਖਿਅਤ ਕਰਨ ਲਈ ਰਾਜਨਾਇਕ ਮਿਸ਼ਨ ਜਾਰੀ ਹੈ।' ਦੱਸ ਦੇਈਏ ਅਮਰੀਕਾ ਨੇ ਆਪਣੇ ਫੌਜੀਆਂ ਨੂੰ ਅਫ਼ਗਾਨਿਸਤਾਨ ਤੋਂ ਪੂਰੀ ਤਰ੍ਹਾਂ ਕੱਢਣ ਲਈ 31 ਅਗਸਤ ਤਕ ਦਾ ਸਮਾਂ ਦਿੱਤਾ ਸੀ।ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਕਿਹਾ, 'ਹੁਣ ਅਫ਼ਗਾਨਿਸਤਾਨ 'ਚ ਸਾਡੀ 20 ਸਾਲ ਦੀ ਫੌਜੀ ਮੌਜੂਦਗੀ ਸਮਾਪਤੀ ਹੋ ਗਈ ਹੈ, ਮੈਂ ਆਪਣੇ ਕਮਾਂਡਰਾਂ ਨੂੰ ਅਫ਼ਗਾਨਿਸਤਾਨ 'ਚੋਂ ਖਤਰਨਾਕ ਨਿਕਾਸੀ ਲਈ ਧੰਨਵਾਦ ਕਹਿਣਾ ਚਾਹੁੰਦਾ ਹਾਂ। ਇਸ ਲਈ 31 ਅਗਸਤ ਦੀ ਸਵੇਰ ਦਾ ਸਮਾਂ ਨਿਰਧਾਰਕਤ ਕੀਤਾ ਗਿਆ ਸੀ।'


ਬਾਇਡੇਨ ਨੇ ਕਿਹਾ, 'ਯੂਐਨ ਸਿਕਿਓਰਟੀ ਕਾਊਂਸਿਲ ਦਾ ਪ੍ਰਸਤਾਵ ਇਕ ਸਪਸ਼ਟ ਸੰਦੇਸ਼ ਭੇਜਦਾ ਹੈ ਕਿ ਅੰਤਰ ਰਾਸ਼ਟਰੀ ਭਾਈਚਾਰਾ ਤਾਲਿਬਾਨ ਦੇ ਅੱਗੇ ਵਧਣ ਦਾ ਵਿਰੋਧ ਕਰਦਾ ਹੈ, ਵਿਸ਼ੇਸ਼ ਤੌਰ 'ਤੇ ਯਾਤਰਾ ਸੁਤੰਤਰਤਾ ਨੂੰ ਲੈਕੇ। ਤਾਲਿਬਾਨ ਨੇ ਸੁਰੱਖਿਅਤ ਮਾਰਗ 'ਤੇ ਵਚਨਬੱਧਤਾ ਜਤਾਈ ਹੈ।'


ਬਾਇਡਨ ਨੇ ਇਹ ਵੀ ਕਿਹਾ, 'ਮੈਂ ਵਿਦੇਸ਼ ਮੰਤਰੀ ਨੂੰ ਕਿਹਾ ਕਿ ਉਹ ਆਪਣੇ ਅੰਤਰਰਾਸ਼ਰੀ ਹਿੱਸੇਦਾਰਾਂ ਨਾਲ ਨਿਰੰਤਰ ਅਗਵਾਈ ਕਰਨ ਤਾਂ ਕਿ ਕਿਸੇ ਅਮਰੀਕੀ, ਅਫ਼ਗਾਨ ਤੇ ਵਿਦੇਸ਼ ਨਾਗਰਿਕਾਂ ਲਈ ਸੁਰੱਖਿਅਤ ਰਾਹ ਚੁਣਿਆ ਜਾ ਸਕੇ ਜੋ ਅਫ਼ਗਾਨਿਸਤਾਨ ਛੱਡਣਾ ਚਾਹੁੰਦੇ ਹਨ।