ਨਵੀਂ ਦਿੱਲੀ: ਪਿਛਲੇ 24 ਘੰਟਿਆਂ ਦੌਰਾਨ 92 ਨਵੇਂ ਕੇਸ ਸਾਹਮਣੇ ਆਏ ਹਨ ਤੇ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਭਾਰਤ ‘ਚ ਹੁਣ ਤਕ 1199 ਲੋਕ ਕੋਰੋਨਾਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ ਤੇ 29 ਲੋਕਾਂ ਦੀ ਮੌਤ ਹੋ ਚੁੱਕੀ ਹੈ। 102 ਮਰੀਜ਼ ਠੀਕ ਹੋ ਗਏ ਹਨ। ਮਹਾਰਾਸ਼ਟਰ ਸਭ ਤੋਂ ਪ੍ਰਭਾਵਿਤ ਹੈ ਤੇ ਇੱਥੇ 215 ਮਾਮਲੇ ਸਾਹਮਣੇ ਆਏ ਹਨ। 202 ਮਾਮਲੇ ਕੇਰਲ ਦੇ ਹਨ।

ਕੇਂਦਰੀ ਸਿਹਤ ਮੰਤਰਾਲਾ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕੋਰੋਨਾਵਾਇਰਸ ਦੇ ਕਮਿਊਨਿਟੀ ਇਨਫੈਕਸ਼ਨ ਦੀ ਰਿਪੋਰਟ 'ਤੇ ਕਿਹਾ ਕਿ ਜੇ ਅਸੀਂ ਕਮਿਊਨਿਟੀ ਨੂੰ ਸਰਕਾਰੀ ਦਸਤਾਵੇਜ਼ਾਂ ‘ਚ ਲਿਖਦੇ ਹਾਂ, ਤਾਂ ਲੋਕ ਇਸ ਨੂੰ ਵੱਖਰੇ ਢੰਗ ਨਾਲ ਲੈਣਾ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਕਿਹਾ, "ਤਕਨੀਕੀ ਤੌਰ 'ਤੇ ਭਾਰਤ ‘ਚ ਕੋਵਿਡ-19 ਮੌਜੂਦਾ ਸਮੇਂ ਸਥਾਨਕ ਸੰਕਰਮਣ ਦੇ ਪੜਾਅ 'ਤੇ ਹੈ, ਜਿਵੇਂ ਹੁਣ ਤੱਕ, ਕਮਿਊਨਿਟੀ ਇਨਫੈਕਸ਼ਨ ਦੀ ਕੋਈ ਸਥਿਤੀ ਨਹੀਂ ਹੈ।"

ਅਧਿਕਾਰੀ ਨੇ ਕਿਹਾ ਕਿ ਲੌਕਡਾਊਨ ਦਾ ਪਾਲਣ ਕਰਨਾ ਜ਼ਰੂਰੀ ਹੈ, ਜੇ ਨਿਯਮ ਤੋੜੇ ਗਏ ਤਾਂ ਕੋਰੋਨਾਵਾਇਰਸ ਵਿਰੁੱਧ ਲੜਾਈ ਨਾਕਾਮਯਾਬ ਹੋ ਜਾਵੇਗੀ। ਸਾਡੇ ਕੋਲ ਵਿਕਸਤ ਦੇਸ਼ਾਂ ਨਾਲੋਂ ਇੱਥੇ ਘੱਟ ਕੇਸ ਹਨ। ਵਿਸ਼ਵ-ਵਿਆਪੀ, ਇੱਕ ਵਿਅਕਤੀ ਨੇ 100 ਲੋਕਾਂ ਨੂੰ ਸੰਕਰਮਿਤ ਕੀਤਾ ਤੇ ਮਹਾਮਾਰੀ ਤੇਜ਼ੀ ਨਾਲ ਫੈਲੀ।

ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦੀ ਡਾਕਟਰ ਗੰਗਾ ਕੇਟਕਰ ਨੇ ਦੱਸਿਆ ਕਿ ਭਾਰਤ ਵਿੱਚ ਹੁਣ ਤੱਕ ਕੁੱਲ 38,442 ਟੈਸਟ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ ਕੱਲ੍ਹ 3501 ਟੈਸਟ ਕੀਤੇ ਗਏ ਸੀ। ਅਸੀਂ ਅਜੇ ਵੀ ਆਪਣੀ ਜਾਂਚ ਸਮਰੱਥਾ ਦੇ 30 ਪ੍ਰਤੀਸ਼ਤ ਤੋਂ ਘੱਟ ਹਾਂ। ਪਿਛਲੇ 3 ਦਿਨਾਂ ‘ਚ ਨਿੱਜੀ ਪ੍ਰਯੋਗਸ਼ਾਲਾਵਾਂ ਵਿੱਚ 13034 ਟੈਸਟ ਕੀਤੇ ਗਏ।