ਨਵੀਂ ਦਿੱਲੀ: ਪੂਰਬੀ ਲੱਦਾਖ ਦੀ ਗਲਵਾਨ ਵਾਦੀ ‘ਚ ਭਾਰਤੀ ਤੇ ਚੀਨੀ ਫੌਜਾਂ ਵਿਚਾਲੇ ਹੋਈ ਝੜਪ ਦੇ ਮੱਦੇਨਜ਼ਰ ਚੀਨ ਨਾਲ ਲਗਪਗ 3500 ਕਿਲੋਮੀਟਰ ਦੀ ਸਰਹੱਦ ਦੇ ਅਗਲੇ ਮੋਰਚੇ 'ਤੇ ਸਥਿਤ ਭਾਰਤੀ ਸੈਨਾ ਤੇ ਹਵਾਈ ਸੈਨਾ ਦੇ ਬੇਸਾਂ ਨੂੰ ਹਾਈ ਅਲਰਟ ਕਰ ਦਿੱਤਾ ਗਿਆ ਹੈ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ।
ਸੋਮਵਾਰ ਦੀ ਰਾਤ ਨੂੰ ਗਲਵਾਨ ਵਾਦੀ ‘ਚ ਚੀਨੀ ਸੈਨਿਕਾਂ ਨਾਲ ਹੋਈ ਝੜਪ ‘ਚ 20 ਭਾਰਤੀ ਸੈਨਿਕ ਮਾਰੇ ਗਏ। ਇੰਡੀਅਨ ਨੇਵੀ ਨੂੰ ਹਿੰਦ ਮਹਾਂਸਾਗਰ ਦੇ ਖੇਤਰ ‘ਚ ਆਪਣੀ ਚੌਕਸੀ ਵਧਾਉਣ ਲਈ ਕਿਹਾ ਗਿਆ ਹੈ, ਜਿੱਥੇ ਚੀਨੀ ਜਲ ਸੈਨਾ ਨਿਯਮਿਤ ਗਤੀਵਿਧੀਆਂ ਕਰ ਰਹੀ ਹੈ।
ਤਿੰਨਾਂ ਬਲਾਂ ਨੂੰ ਅਲਰਟ ਦਿੱਤਾ ਗਿਆ:
ਸੂਤਰਾਂ ਨੇ ਦੱਸਿਆ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਚੀਫ਼ ਆਫ਼ ਡਿਫੈਂਸ ਸਟਾਫ (ਸੀਡੀਐਸ) ਜਨਰਲ ਬਿਪਿਨ ਰਾਵਤ ਤੇ ਸੈਨਾ ਦੀਆਂ ਤਿੰਨ ਸੇਵਾਵਾਂ ਦੇ ਮੁਖੀਆਂ ਨਾਲ ਇੱਕ ਉੱਚ ਪੱਧਰੀ ਬੈਠਕ ਤੋਂ ਬਾਅਦ ਤਿੰਨਾਂ ਤਾਕਤਾਂ ਲਈ ਅਲਰਟ ਦੇ ਪੱਧਰ ਨੂੰ ਵਧਾਉਣ ਦਾ ਫੈਸਲਾ ਕੀਤਾ ਗਿਆ।
ਵਾਧੂ ਕਰਮਚਾਰੀ ਐਲਏਸੀ ਦੇ ਨੇੜਲੇ ਸਾਰੇ ਸਥਾਨਾਂ ‘ਤੇ ਭੇਜੇ ਗਏ:
ਉਨ੍ਹਾਂ ਕਿਹਾ ਕਿ ਫੌਜ ਨੇ ਪਹਿਲਾਂ ਹੀ ਅਰੁਣਾਚਲ ਪ੍ਰਦੇਸ਼, ਉਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਲੱਦਾਖ ‘ਚ ਅਸਲ ਕੰਟਰੋਲ ਰੇਖਾ (ਐਲਏਸੀ) ਦੇ ਨਾਲ-ਨਾਲ ਮੋਰਚੇ 'ਤੇ ਤਾਇਨਾਤ ਸਾਰੇ ਟਿਕਾਣਿਆਂ ਅਤੇ ਫੌਜਾਂ ਲਈ ਵਾਧੂ ਜਵਾਨ ਭੇਜੇ ਹਨ। ਇੱਕ ਚੋਟੀ ਦੇ ਸੈਨਾ ਅਧਿਕਾਰੀ ਨੇ ਦੱਸਿਆ,
“ਆਪਸੀ ਸੰਪਰਕ ਦੇ ਨਿਯਮ ਹੁਣ ਤੋਂ ਵੱਖ ਹੋਣਗੇ। ਪ੍ਰਧਾਨ ਮੰਤਰੀ ਨੇ ਇਸ ਬਾਰੇ ਵਿਆਪਕ ਨੀਤੀ ਦੀ ਰੂਪ ਰੇਖਾ ਦਿੱਤੀ ਹੈ।”-
ਸੂਤਰਾਂ ਨੇ ਦੱਸਿਆ ਕਿ ਭਾਰਤੀ ਹਵਾਈ ਸੈਨਾ ਨੇ ਫਰੰਟ 'ਤੇ ਆਪਣੇ ਸਾਰੇ ਠਿਕਾਣਿਆਂ ‘ਤੇ ਅਲਰਟ ਵਧਾਉਂਦੇ ਹੋਏ ਐਲਏਸੀ 'ਤੇ ਨਜ਼ਰ ਰੱਖਣ ਲਈ ਵੀ ਕਿਹਾ ਹੈ। ਚੀਨੀ ਜਲ ਸੈਨਾ ਨੂੰ ਸਖ਼ਤ ਸੰਦੇਸ਼ ਦੇਣ ਲਈ ਭਾਰਤੀ ਨੇਵੀ ਹਿੰਦ ਮਹਾਂਸਾਗਰ ਦੇ ਖੇਤਰ ਵਿੱਚ ਆਪਣੀ ਤਾਇਨਾਤੀ ਵਧਾ ਰਹੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ